ਗੁਰਿੰਦਰ ਸਿੰਘ
ਲੁਧਿਆਣਾ, 18 ਅਗਸਤ
ਪੈਟਰੋਲ ਪੰਪ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸ਼ੁਰੂ ਕੀਤੇ ਸੰਘਰਸ਼ ਤਹਿਤ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫ਼ੈਸਲਾ ਅੱਜ ਵਾਪਸ ਲੈ ਲਿਆ ਗਿਆ ਹੈ। ਪੈਟਰੋਲ ਪੰਪ ਡੀਲਰਾਂ ਦੀ ਜਥੇਬੰਦੀ ਵੱਲੋਂ ਤੇਲ ਕੰਪਨੀਆਂ ਤੋਂ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਹਰੇਕ ਐਤਵਾਰ ਪੈਟਰੋਲ ਪੰਪ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਅੱਜ ਸਵੇਰੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪੈਟਰੋਲ ਪੰਪ ਬੰਦ ਰੱਖੇ ਗਏ ਸਨ ਜਿਸ ਕਾਰਨ ਲੋਕਾਂ ਨੂੰ ਪੈਟਰੋਲ ਭਰਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਥੇਬੰਦੀ ਦੇ ਇੱਕ ਧੜੇ ਵੱਲੋਂ ਕੁਝ ਪੈਟਰੋਲ ਪੰਪ ਖੁੱਲ੍ਹੇ ਰੱਖੇ ਗਏ ਸਨ ਜਿਸ ਉੱਪਰ ਗਾਹਕਾਂ ਦੀ ਭੀੜ ਨਜ਼ਰ ਆ ਰਹੀ ਸੀ। ਇਸ ਦੌਰਾਨ ਜਲੰਧਰ ਬਾਈਪਾਸ ਸਥਿਤ ਪੰਜਾਬ ਐਗਰੋ ਦੇ ਪੈਟਰੋਲ ਪੰਪ ਅਤੇ ਦੁੱਗਰੀ ਰੋਡ ਸਥਿਤ ਜੀਓ ਕੰਪਨੀ ਪੈਟਰੋਲ ਪੰਪ ਖੁੱਲੇ ਹੋਏ ਸਨ ਜਿੱਥੋਂ ਲੋਕ ਆਪਣੇ ਵਾਹਨਾਂ ਵਿੱਚ ਪੈਟਰੋਲ ਭਰਵਾ ਰਹੇ ਸਨ।
ਅੱਜ ਸ਼ਾਮ ਤੇਲ ਕੰਪਨੀਆਂ ਦੇ ਪ੍ਰਤੀਨਿਧਾਂ ਵੱਲੋਂ ਜਥੇਬੰਦੀ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਭਲਕੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਪੈਟਰੋਲ ਪੰਪ ਮਾਲਕਾਂ ਨੇ ਆਪਣੇ ਪੈਟਰੋਲ ਪੰਪ ਬਾਅਦ ਦੁਪਹਿਰ ਖੋਲ੍ਹ ਦਿੱਤੇ। ਪੈਟਰੋਲ ਪੰਪ ਮਾਲਕਾਂ ਦੀ ਜਥੇਬੰਦੀ ਦੇ ਇੱਕ ਆਗੂ ਨੇ ਦੱਸਿਆ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਪਹਿਲਕਦਮੀ ਨਾਲ ਤੇਲ ਕੰਪਨੀਆਂ ਨਾਲ ਜਥੇਬੰਦੀ ਦੀ ਮੀਟਿੰਗ ਭਲਕੇ ਚੰਡੀਗੜ੍ਹ ਵਿਚ ਨੀਅਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।