ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ , 14 ਜੁਲਾਈ
ਇੱਥੇ ਅੱਜ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੁੱਪ ਕਲਾਂ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਗੁੱਜਰਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਵਾਇਆ। ਸਰਪੰਚ ਹਰਵਿੰਦਰ ਕੌਰ ਦੇ ਪਤੀ ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਗੁਰਾ, ਆਪ ਆਗੂ ਰਘਵੀਰ ਸਿੰਘ ਲਾਡੀ ਅਤੇ ਮੋਹਨਜੀਤ ਸਿੰਘ ਨੇ ਦੱਸਿਆ ਕਿ ਗੁੱਜਰ ਬਰਾਦਰੀ ਦੇ ਕੁਝ ਲੋਕਾਂ ਵੱਲੋਂ ਮੱਝਾਂ ਦੇ ਤਬੇਲੇ ਅਤੇ ਆਪਣੇ ਰਿਹਾਇਸ਼ੀ ਘਰ ਪਿਛਲੇ ਕਰੀਬ ਕਈ ਸਾਲਾਂ ਤੋਂ ਬਣਾ ਰੱਖੇ ਸਨ। ਇਸ ਨੂੰ ਅੱਜ ਅਦਾਲਤੀ ਮੁਕੱਦਮਾ ਜਿੱਤਣ ਤੋਂ ਬਾਅਦ ਵਾਰੰਟ ਕਬਜ਼ੇ ਦੌਰਾਨ ਪੁਲੀਸ, ਸਿਵਲ ਪ੍ਰਸ਼ਾਸਨ , ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛੁਡਵਾਇਆ ਗਿਆ ਹੈ ਅਤੇ ਨਾਜਾਇਜ਼ ਬਣੇ ਮੱਝਾਂ ਦੇ ਤਬੇਲਿਆਂ ਅਤੇ ਛੱਪਰਾਂ ਨੂੰ ਜੇਬੀਸੀ ਨਾਲ ਹਟਾਇਆ ਗਿਆ। ਗੁੱਜਰ ਬਰਾਦਰੀ ਦੇ ਜ਼ਾਕਿਰ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਮੀਰ ਸਿੰਘ ਨੇ ਇਹ ਜਗ੍ਹਾ 2004 ਵਿੱਚ ਮ੍ਰਿਤਕ ਦਰਬਾਰਾ ਸਿੰਘ ਵਾਸੀ ਕੁੱਪ ਕਲਾਂ ਤੋਂ ਖ਼ਰੀਦੀ ਸੀ ਪਰ ਪ੍ਰਸ਼ਾਸਨ ਨੇ ਸਹੀ ਸੁਣਵਾਈ ਨਹੀਂ ਕੀਤੀ। ਇਸ ਮੌਕੇ ਡੀਐੱਸਪੀ ਅਹਿਮਦਗੜ੍ਹ ਰਾਜਨ ਸ਼ਰਮਾ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੁਲੀਸ ਵੱਲੋਂ ਵਿਰੋਧੀ ਧਿਰ ਨੂੰ ਮੌਕਾ ਦਿੱਤਾ ਸੀ। ਉਹ ਕਿਸੇ ਵੀ ਤਰ੍ਹਾਂ ਦੀ ਮਾਲਕੀ ਸਾਬਤ ਨਹੀਂ ਕਰ ਸਕੇ । ਇਸ ਮੌਕੇ ਸਾਬਕਾ ਸਰਪੰਚ ਦਰਸ਼ਨ ਸਿੰਘ ,ਮੁਖਤਿਆਰ ਸਿੰਘ , ਗੁਰਤੇਜ ਸਿੰਘ ਔਲਖ ,ਆਤਮਾ ਸਿੰਘ, ਦਿਲਬਾਗ ਸਿੰਘ ਮੌਜੂਦ ਸਨ ।