ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਗਸਤ
ਤਾਏ ਵੱਲੋਂ ਕਥਿਤ ਮਾਰੇ ਗਏ 8 ਸਾਲ ਦੇ ਮਾਸੂਮ ਸਹਿਜ ਦੀ ਮਾਂ ਸਿਮਰਨਜੀਤ ਕੌਰ ਦੀ ਹਾਲਤ ਹਾਲੇ ਵੀ ਖਰਾਬ ਹੈ। ਜਿਸ ਨਹਿਰ ’ਚ ਸਹਿਜ ਦੀ ਲਾਸ਼ ਮਿਲੀ ਸੀ, ਪਰਿਵਾਰ ਵਾਲੇ ਅੱਜ ਉਸ ਦੀਆਂ ਅਸਥੀਆਂ ਵੀ ਉਸੇ ਨਹਿਰ ’ਚ ਜਲ ਪ੍ਰਵਾਹ ਕਰ ਘਰ ਪਰਤੇ। ਸ਼ਮਸ਼ਾਨਘਾਟ ਵਿੱਚ ਅੱਜ ਫੁੱਲ ਚੁਗਣ ਵੇੇਲੇ ਪਰਿਵਾਰ ਦੇ ਜੀਅ ਅਤੇ ਸਕੇ ਸੰਬਧੀ ਸ਼ਾਮਲ ਸਨ। ਇਸ ਸਮੇਂ ਮੁਹੱਲੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਸੀ। ਸਹਿਜ ਦੀ ਮਾਂ ਸਿਮਰਨਜੀਤ ਕੌਰ ਨੇ ਕਿਹਾ ਕਿ ਸਹਿਜ ਦਾ ਤਾਇਆ ਤਾਂ ਉਸ ਨੂੰ ਜਿਉਂਦੇ ਹੀ ਤਾਰ ਆਇਆ ਸੀ, ਪਰਿਵਾਰ ਤਾਂ ਸਿਰਫ਼ ਅਸਥੀਆਂ ਤਾਰ ਕੇ ਆਇਆ ਹੈ। ਇਸ ਮੌਕੇ ਮੁਲਜ਼ਮ ਸਵਰਨ ਸਿੰਘ ਦੀ ਪਤਨੀ ਕੁਲਜੀਤ ਕੌਰ ਕਾਫ਼ੀ ਗੁੱਸੇ ’ਚ ਨਜ਼ਰ ਆ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਮੁਲਜ਼ਮ ਆਖ ਰਿਹਾ ਹੈ ਕਿ ਬੱਚਾ ਡਿੱਗ ਗਿਆ। ਜੇ ਡਿੱਗ ਗਿਆ ਸੀ, ਉਸ ਨੇ ਉਦੋਂ ਰੌਲਾ ਕਿਉਂ ਨਹੀਂ ਪਾਇਆ। ਇਸ ਤੋਂ ਸਾਫ਼ ਹੈ ਕਿ ਸਵਰਨ ਨੇ ਹੀ ਬੱਚੇ ਨੂੰ ਨਹਿਰ ’ਚ ਸੁੱਟਿਆ ਹੈ। ਕੁਲਜੀਤ ਕੌਰ ਨੇ ਦੱਸਿਆ ਕਿ ਜਦੋਂ ਦੇਰ ਰਾਤ ਨੂੰ ਦੱਸਿਆ ਸੀ ਕਿ ਸਹਿਜ ਨਹੀਂ ਮਿਲ ਰਿਹਾ ਤਾਂ ਉਸ ਨੇ ਉਦੋਂ ਕਿਉਂ ਨਹੀਂ ਦੱਸਿਆ ਕਿ ਸਹਿਜ ਉਸ ਨਾਲ ਹੈ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਵਰਨ ਅਜਿਹਾ ਕਰ ਸਕਦਾ ਹੈ। ਹੁਣ ਉਨ੍ਹਾਂ ਦਾ ਆਪਣੇ ਪਤੀ ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਉਸ ਨੂੰ ਕਿਸੇ ਹਾਲ ’ਚ ਜਿਉਂਦਾ ਨਹੀਂ ਛੱਡਣਗੇ। ਕੁਲਜੀਤ ਕੌਰ ਨੇ ਕਿਹਾ ਕਿ ਉਹ ਦੇਖ ਕੇ ਆਏ ਹਨ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ। ਜਿਵੇਂ ਬੱਚਾ ਤੜਫਿਆ ਹੈ, ਉਵੇਂ ਹੀ ਸਵਰਨ ਨੂੰ ਵੀ ਪਾਣੀ ’ਚ ਤੜਫ਼ਾ ਕੇ ਮਾਰ ਦੇਣਾ ਚਾਹੀਦਾ ਹੈ। ਕੁਲਜੀਤ ਕੌਰ ਨੇ ਕਿਹਾ ਕਿ ਉਹ ਗੁਰਦੁਆਰੇ ਜਾ ਕੇ ਆਏ ਹਨ ਤੇ ਉਨ੍ਹਾਂ ਉੱਥੇ ਗ੍ਰੰਥੀ ਸਿੰਘ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਵੇਰੇ ਚਾਰ ਵਜੇ ਜਦੋਂ ਸਵਰਨ ਨਿਕਲਣ ਲੱਗਿਆ ਸੀ ਤਾਂ ਉਸ ਨੂੰ ਰੋਕਿਆ ਗਿਆ ਸੀ ਕਿ ਉਹ ਇੰਨੀ ਸਵੇਰੇ ਨਾ ਜਾਵੇ, ਪਰ ਸਵਰਨ ਨੇ ਕਿਹਾ ਕਿ ਉਸ ਨੇ ਘਰ ਜਾਣਾ ਹੈ, ਕੋਈ ਕੰਮ ਹੈ। ਉਸ ਦੇ ਮਨ ’ਚ ਕੀ ਹੈ, ਇਸ ਬਾਰੇ ਕੁਝ ਪਤਾ ਨਹੀਂ ਸੀ।