ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਨੇੜੇ ਗੁਰਦੁਆਰਾ ਸਰਾਭਾ ਨਗਰ ਵਿੱਚ ਅਣਪਛਾਤੇ ਵਿਅਕਤੀ ਇੱਕ ਰਾਹਗੀਰ ਦੀ ਸੋਨੇ ਦੀ ਚੇਨ ਝਪਟ ਕੇ ਲੈ ਗਏ ਹਨ। ਇਸ ਸਬੰਧੀ ਸਾਹਮਣੇ ਸਤਲੁੱਜ ਕਲੱਬ, ਨੇੜੇ ਰੱਖ ਬਾਗ਼ ਵਾਸੀ ਗੋਪਾਲ ਕਪੂਰ ਨੇ ਦੱਸਿਆ ਕਿ ਉਹ ਸੇਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੇ ਗੇਟ ਨੰਬਰ 4 ਤੋਂ ਪੈਦਲ ਜਾ ਰਿਹਾ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਪਿਛਲੇ ਪਾਸਿਓਂ ਆਇਆ, ਜਿਸ ਨੇ ਉਸਦੀ ਗਰਦਨ ਤੇ ਝਪਟ ਮਾਰ ਕੇ ਸੋਨੇ ਦੀ ਚੇਨ ਲਾਹ ਲਈ ਅਤੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣੇਦਾਰ ਗੁਰਮੇਜ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।