ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਨਵੰਬਰ
ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ਦੇ 407ਵੇਂ ਦਿਨ ਧਰਨੇ ਦੀ ਅਗਵਾਈ ਕਿਸਾਨ ਆਗੂ ਗੁਰਚਰਨ ਸਿੰਘ ਕਾਉਂਕੇ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਚੋਣਾਂ ਦੇ ਐਲਾਨ ਹੋਣ ਤੱਕ ਸਿਆਸੀ ਪ੍ਰਚਾਰ ਨਾ ਕਰਨ ਦੀ ਸਹਿਮਤੀ ਬਣੀ ਸੀ ਪਰ ਅਕਾਲੀ ਇਸ ਤੋਂ ਬਾਜ਼ ਨਹੀਂ ਆ ਰਹੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਖੇਤੀ ਕਾਨੂੰਨ ਪਾਸ ਹੋਣ ਸਮੇਂ ਮੋਦੀ ਸਰਕਾਰ ’ਚ ਭਾਈਵਾਲ ਸੀ। ਹੁਣ ਜਦੋਂ ਕਿਸਾਨ ਕਾਲੇ ਕਾਨੂੰਨਾਂ ਦੇ ਹੱਕ ’ਚ ਰਹੇ ਹਨ ਅਕਾਲੀਆਂ ਤੋਂ ਸਵਾਲ ਜਵਾਬ ਕਰਨਾ ਚਾਹੁੰਦੇ ਹਨ ਤਾਂ ਇਹ ਲੋਕਾਂ ਦੇ ਜਮਹੂਰੀ ਹੱਕ ਨੂੰ ਗੁੰਡਾਗਰਦੀ ਨਾਲ ਲਤਾੜ ਦੇਣਾ ਚਾਹੁੰਦੇ ਹਨ, ਜਿਸ ਦੀ ਇਜਾਜ਼ਤ ਪੰਜਾਬੀ ਕਦਾਚਿਤ ਨਹੀਂ ਦੇਣਗੇ। ਧਰਨੇ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਮਲਕ, ਜਗਦੀਸ਼ ਸਿੰਘ, ਹਰਭਜਨ ਸਿੰਘ ਦੌਧਰ, ਮਾਸਟਰ ਹਰਬੰਸ ਲਾਲ ਨੇ ਬੀਤੇ ਦਿਨ ਫ਼ਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਜਵਾਬ ਕਰਨ ਗਏ ਕਿਸਾਨਾਂ ’ਤੇ ਕੀਤੀ ਗੁੰਡਾਗਰਦੀ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਅਕਾਲੀਆਂ ਨੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਕ ਗੱਡੀ ਕਿਸਾਨਾਂ ’ਤੇ ਚੜ੍ਹਾ ਦਿੱਤੀ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ 27 ਨਵੰਬਰ ਨੂੰ ਜਗਰਾਉਂ ਇਲਾਕੇ ’ਚ ਆਉਣ ’ਤੇ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਸਾਰੀ ਵਿਉਂਤਬੰਦੀ ਲਈ 14 ਨਵੰਬਰ ਨੂੰ ਰੇਲਵੇ ਪਾਰਕ ’ਚ ਸਮੂਹ ਪਿੰਡਾਂ ਦੀ ਮੀਟਿੰਗ ਸੱਦੀ ਗਈ ਹੈ। ਧਰਨੇ ਉਪਰੰਤ ਧਰਨਾਕਾਰੀਆਂ ਨੇ ਰੇਲਵੇ ਸਟੇਸ਼ਨ ਤੋਂ ਰੇਲਵੇ ਰੋਡ ਤੱਕ ਮੁਜ਼ਾਹਰਾ ਕਰਕੇ ਅਕਾਲੀ ਗੁੰਡਾਗਰਦੀ ਖ਼ਿਲਾਫ਼ ਜ਼ੋਰਦਾਰ ਨਾਅਰੇ ਬੁਲੰਦ ਕੀਤੇ।