ਸੰਤੋਖ ਗਿੱਲ
ਗੁਰੂਸਰ ਸੁਧਾਰ, 20 ਮਈ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਨਵੀਨਰ ਕੁਲਦੀਪ ਸਿੰਘ ਗੁੱਜਰਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਹਿਮਾਂਯੂਪੁਰ ਵਿਚ ਬਲਾਕ ਪੱਖੋਵਾਲ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪਾਣੀ ਬਚਾਉਣ ਅਤੇ ਕੁਦਰਤ ਪੱਖੀ ਖੇਤੀ ਮਾਡਲ ਅਪਣਾਉਣ ਲਈ ਚੇਤਨਾ ਮੁਹਿੰਮ ਹਰ ਪਿੰਡ ਵਿੱਚ ਚਲਾਈ ਜਾਵੇਗੀ ਅਤੇ ਪਹਿਲਾਂ ਵਾਲੇ ਖੇਤੀ ਮਾਡਲ ਨੂੰ ਤਬਾਹ ਕਰਨ ਵਾਲੀਆਂ ਲੋਕ ਦੋਖੀ ਤਾਕਤਾਂ ਦਾ ਚਿਹਰਾ ਨੰਗਾ ਕੀਤਾ ਜਾਵੇਗਾ। ਮੀਟਿੰਗ ਵਿੱਚ ਬਲਾਕ ਦੇ ਕਈ ਪਿੰਡਾਂ ਵਿਚੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਨੇ ਸ਼ਿਰਕਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰੇ ਇਨਕਲਾਬ ਦਾ ਮਾਡਲ ਸਾਮਰਾਜੀ ਮੁਲਕਾਂ ਅਤੇ ਉਨ੍ਹਾਂ ਦੀਆਂ ਕਾਰਪੋਰੇਟ ਕੰਪਨੀਆਂ ਨੇ ਆਪਣੇ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ ਲਿਆਂਦਾ ਸੀ, ਜਿਸ ਨੇ ਪੰਜਾਬ ਦੀ ਕੁਦਰਤੀ ਅਤੇ ਨਾਂ-ਮਾਤਰ ਖ਼ਰਚੇ ਵਾਲੀ ਖੇਤੀ ਨੂੰ ਬੇਹੱਦ ਮਹਿੰਗੀ ਬਣਾ ਦਿੱਤਾ। ਖਾਦਾਂ, ਕੀਟਨਾਸ਼ਕ ਸਪਰੇਅ ਅਤੇ ਮਸ਼ੀਨਰੀ ‘ਤੇ ਨਿਰਭਰ ਕਰਨ ਵਾਲੀ ਖੇਤੀ ਬਣਾ ਦਿੱਤਾ। ਪੰਜਾਬ ਦੇ ਅੰਮ੍ਰਿਤ ਵਰਗੇ ਪਾਣੀ, ਧਰਤੀ, ਆਬੋ-ਹਵਾ ਨੂੰ ਦੂਸ਼ਿਤ ਕਰ ਦਿੱਤਾ ਅਤੇ ਦੋਸ਼ ਵੀ ਕਿਸਾਨਾਂ ਦੇ ਸਿਰ ਹੀ ਮੜ੍ਹ ਦਿੱਤਾ ਗਿਆ। ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਵੱਡੇ ਕਿਸਾਨ ਅੰਦੋਲਨ ਦੇ ਦਬਾਅ ਹੇਠ ਸਰਕਾਰ ਨੂੰ ਕੁਦਰਤੀ ਖੇਤੀ ਮਾਡਲ ਉਸਾਰਨ ਲਈ ਖ਼ਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ੍ਹਣ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਕਿਸਾਨ ਆਗੂ ਦਰਸ਼ਨ ਸਿੰਘ ਫੱਲੇਵਾਲ, ਚਰਨਜੀਤ ਸਿੰਘ, ਬਲਦੇਵ ਸਿੰਘ ਜੀਰਖ, ਜਗਮਿੰਦਰ ਸਿੰਘ ਹਿਮਾਂਯੂਪੁਰ ਤੋਂ ਇਲਾਵਾ ਹੋਰ ਆਗੂਆਂ ਨੇ ਸੰਬੋਧਨ ਕੀਤਾ।