ਸਤਵਿੰਦਰ ਬਸਰਾ
ਲੁਧਿਆਣਾ, 1 ਜਨਵਰੀ
ਨਵੇਂ ਸਾਲ ਦੀ ਆਮਦ ਨੂੰ ਦੇਖਦਿਆਂ ਲੁਧਿਆਣਾ ਦੇ ਹੋਟਲਾਂ ਅਤੇ ਬਾਜ਼ਾਰਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਅੱਜ ਲੋਕਾਂ ਨੇ ਦੀਵਾਲੀ ਦੀ ਤਰ੍ਹਾਂ ਪਟਾਕੇ ਵਜਾ ਕਿ ਨਵੇਂ ਵਰ੍ਹੇ ਦਾ ਸਵਾਗਤ ਕੀਤਾ ਅਤੇ ਇੱਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਲੋਕ ਦੇਰ ਰਾਤ ਤੱਕ ਹੋਟਲਾਂ, ਬਾਜ਼ਾਰਾਂ, ਸੜਕਾਂ ‘ਤੇ ਘੁੰਮਦੇ ਰਹੇ।
ਨਵੇਂ ਸਾਲ ਦੇ ਸਵਾਗਤ ਲਈ ਲੋਕਾਂ ਵਿੱਚ ਚਾਅ ਦੇਖਦਿਆਂ ਹੀ ਬਣਦਾ ਸੀ। ਸ਼ਹਿਰ ਦੇ ਮਸ਼ਹੂਰ ਹੋਟਲਾਂ, ਪੈਲਸਾਂ ਵਿੱਚ ਸਮਾਗਮ ਰੱਖੇ ਹੋਏ ਸਨ। ਕਈ ਪੈਲਸਾਂ ਵਿੱਚ ਤਾਂ ਵੱਡੀਆਂ ਸਕਰੀਨਾਂ ਲਾ ਕੇ ਨਵੇਂ ਸਾਲ ਦੇ ਜਸ਼ਨ ਮਨਾਏ ਗਏ। ਅੱਧੀ ਰਾਤ ਨੂੰ ਜਿਵੇਂ ਹੀ 2023 ਸਾਲ ਚੜ੍ਹਿਆ ਲੋਕਾਂ ਨੇ ਸੜਕਾਂ, ਘਰਾਂ ਦੀਆਂ ਛੱਤਾਂ ‘ਤੇ ਆ ਕਿ ਆਤਿਸ਼ਬਾਜ਼ੀ ਕੀਤੀ ਅਤੇ ਪਟਾਕੇ ਚਲਾਏ। ਬਾਜ਼ਾਰਾਂ ਵਿੱਚ ਫਾਸਟ ਫੂਡ, ਮਠਿਆਈ ਦੀਆਂ ਦੁਕਾਨਾਂ ਅਤੇ ਇੱਥੋਂ ਤੱਕ ਕਿ ਸ਼ਰਾਬ ਦੇ ਠੇਕੇ ਵੀ ਦੇਰ ਰਾਤ ਤੱਕ ਖੁੱਲ੍ਹੇ ਰਹੇ। ਦੂਜੇ ਪਾਸੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਹਰਕਤ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਚੌਕਾਂ ‘ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ।
ਲੁਧਿਆਣਾ (ਗੁਰਿੰਦਰ ਸਿੰਘ): ਪਿਛਲੇ ਵਰ੍ਹੇ ਨੂੰ ਅਲਵਿਦਾ ਕਹਿੰਦਿਆਂ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਗੁਰਦੁਆਰਿਆਂ ‘ਚ ਗੁਰਮਤਿ ਸਮਾਗਮ ਹੋਏ, ਜਿਨ੍ਹਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਖਾਲਸਾ ਪਰਿਵਾਰ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਈ ਅਨੰਦ ਸਿੰਘ, ਭਾਈ ਗੁਰਕੀਰਤ ਸਿੰਘ ਅਤੇ ਭਾਈ ਨਿਰਭੈ ਸਿੰਘ ਸਾਰੇ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਤਿੰਦਰਪਾਲ ਸਿੰਘ ਲੁਧਿਆਣਾ, ਭਾਈ ਸੰਜਮਪ੍ਰੀਤ ਸਿੰਘ ਨੇ ਗੁਰਬਾਣੀ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਸੰਗਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੇ ਮੁੱਖ ਪ੍ਰਬੰਧਕ ਹਰਪਾਲ ਸਿੰਘ ਖਾਲਸਾ ਅਤੇ ਸ: ਮੱਕੜ ਨੇ ਕੀਰਤਨੀ ਜੱਥਿਆਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਜਗਦੇਵ ਸਿੰਘ ਕਲਸੀ ਆਦਿ ਵੀ ਹਾਜ਼ਰ ਸਨ। ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ।
ਨਵੇਂ ਸਾਲ ਮੌਕੇ ਗੁਰੂ ਘਰਾਂ ‘ਚ ਨਤਮਸਤਕ ਹੋਈ ਸੰਗਤ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਨਵੇਂ ਸਾਲ ਦੀ ਆਮਦ ‘ਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਮੇਨ ਬਾਜ਼ਾਰ ਮਾਛੀਵਾੜਾ ਵਿਖੇ ਪ੍ਰਬੰਧਕ ਕਮੇਟੀ, ਮਾਤਾ ਹਰਦੇਈ ਸਤਿਸੰਗ ਸਭਾ ਅਤੇ ਬਾਦਸ਼ਾਹ ਦਰਵੇਸ਼ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਤਾ ਹਰਦੇਈ ਸਤਿਸੰਗ ਦੀਆਂ ਬੀਬੀਆਂ, ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਭੋਲਾ ਤੇ ਛੋਟੇ ਬੱਚਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਪੁੱਜੇ ਭਾਈ ਜਗਜੀਤ ਸਿੰਘ ਸੰਗਤਪੁਰਾ ਵਾਲਿਆਂ ਵੱਲੋਂ ਆਈਆਂ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਗਿਆ। ਨਵੇਂ ਵਰ੍ਹੇ ਦੀ ਆਮਦ ‘ਤੇ ਸਮੂਹ ਸੰਗਤਾਂ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।