ਪੱਤਰ ਪ੍ਰੇਰਕ
ਮਾਛੀਵਾੜਾ, 5 ਨਵੰਬਰ
ਦੀਵਾਲੀ ’ਤੇ ਪਟਾਕੇ ਲੈ ਕੇ ਦੇਣ ਦੇ ਬਹਾਨੇ ਅਗਵਾ ਹੋਏ ਪਿੰਡ ਸ਼ਤਾਬਗੜ੍ਹ ਦੇ ਦੋ ਬੱਚਿਆਂ ਸਬੰਧੀ ਮਾਮਲੇ ਵਿੱਚ ਮਾਛੀਵਾੜਾ ਪੁਲੀਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੰਜੂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 31 ਅਕਤੂਬਰ ਨੂੰ ਉਸਦੇ ਦੋ ਬੱਚਿਆਂ ਅਜੈ ਤੇ ਵਿਜੈ ਨੂੰ ਗੁਆਂਢ ਵਿੱਚ ਰਹਿੰਦਾ ਅਰਜਨ ਪਟਾਕੇ ਦਿਵਾਉਣ ਦੇ ਬਹਾਨੇ ਘਰੋਂ ਲੈ ਗਿਆ ਸੀ ਅਤੇ ਦੇਰ ਰਾਤ ਘਰ ਵਾਪਸ ਨਾ ਆਇਆ। ਮਾਛੀਵਾੜਾ ਪੁਲੀਸ ਨੇ ਇਸ ਮਾਮਲੇ ਵਿੱਚ ਅਗਵਾਕਾਰ ਅਰਜਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮਾਂ ਬਣਾਈਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਰਜਨ ਬੱਚਿਆਂ ਨੂੰ ਲੈ ਕੇ ਬਾਹਰਲੇ ਸੂਬੇ ਵਿੱਚ ਭੱਜਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਤੇ ਬੱਚੇ ਬਰਾਮਦ ਕਰ ਲਏ ਗਏ। ਡੀਐੱਸਪੀ ਨੇ ਖਦਸ਼ਾ ਪ੍ਰਗਟਾਇਆ ਕਿ ਮੁਲਜ਼ਮ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦਾ ਉਦੇਸ਼ ਉਨ੍ਹਾਂ ਤੋਂ ਮਜ਼ਦੂਰੀ ਕਰਵਾਉਣ ਜਾਂ ਇਨ੍ਹਾਂ ਨੂੰ ਵੇਚਣਾ ਹੋ ਸਕਦਾ ਹੈ। ਅੱਜ ਪੁਲੀਸ ਵੱਲੋਂ ਬੱਚਿਆਂ ਨੂੰ ਸੰਜੂ ਦੇ ਸਪੁਰਦ ਕਰ ਦਿੱਤਾ ਗਿਆ। ਪਿਤਾ ਸੰਜੂ ਨੇ ਦੱਸਿਆ ਕਿ ਮਾਛੀਵਾੜਾ ਪੁਲੀਸ ਨੇ ਮੁਸਤੈਦੀ ਵਰਤੀ। ਉਸਨੇ ਕਿਹਾ ਕਿ ਉਹ ਪੁਲੀਸ ਜ਼ਿਲ੍ਹਾ ਖੰਨਾ ਦੀ ਸਮੁੱਚੀ ਟੀਮ ਦਾ ਧੰਨਵਾਦੀ ਹੈ।