ਪਾਇਲ (ਦੇਵਿੰਦਰ ਸਿੰਘ ਜੱਗੀ): ਵਿਧਾਨ ਸਭਾ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਬਲਜਿੰਦਰ ਸਿੰਘ ਚੌਂਦਾ ਹਲਕੇ ਵਿੱਚੋਂ ਢਾਈ ਮਹੀਨੇ ਗਾਇਬ ਰਹਿਣ ਉਪਰੰਤ ਮੁੜ ਮੀਟਿੰਗਾਂ ਕਰਨ ਲਈ ਸਰਗਰਮ ਹੋ ਗਏ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੌਂਦਾ ਨੂੰ ਦੋ ਦਿਨ ਪਹਿਲਾਂ ਹੀ ਮੁੱਖ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਲਗਾਇਆ ਗਿਆ ਹੈ। ਪਿੰਡ ਰੱਬੋਂ ਉੱਚੀ ਵਿੱਚ ਪਾਰਟੀ ਆਗੂਆਂ ਤੇ ਵਲੰਟੀਅਰਾਂ ਦੀ ਹਾਜ਼ਰੀ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੌਜੂਦਾ ਸਮੇਂ ਪਾਰਟੀ ਨੇ ਹਲਕਾ ਇੰਚਾਰਜ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲਗਾਇਆ ਹੋਇਆ ਹੈ, ਤਾਂ ਉਨ੍ਹਾਂ ਕਿਹਾ ਕਿ ਚੋਣ ਲੜਾਉਣ ਲਈ ਪਾਰਟੀ ਦਾ ਉਮੀਦਵਾਰਾਂ ਪ੍ਰਤੀ ਸਰਵੇ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਉਸ ਦੇ ਨਾਂ ਦਾ ਵੀ ਹਲਕਾ ਪਾਇਲ ਤੋਂ ਸਰਵੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਟਿਕਟ ਦਾ ਦਾਅਵੇਦਾਰ ਹੈ ਪਰ ਪਾਰਟੀ ਜੋ ਵੀ ਫ਼ੈਸਲਾ ਕਰੇਗੀ ਉਹ ਸਹੀ ਹੋਵੇਗਾ। ਇਸ ਮੌਕੇ ਮੁਕੰਦ ਸਿੰਘ ਕਿਸ਼ਨਪੁਰਾ, ਠੇਕੇਦਾਰ ਪਰਮਜੀਤ ਸਿੰਘ ਰੋੜੀਆਂ, ਮੇਜਰ ਸਿੰਘ ਰੱਬੋਂ ਉੱਚੀ, ਜਸਪਾਲ ਸਿੰਘ, ਨਾਜਰ ਸਿੰਘ, ਕੁਲਦੀਪ ਸਿੰਘ, ਰਮਨਦੀਪ ਸਿੰਘ, ਬਿੱਲੂ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।