ਸਤਵਿੰਦਰ ਬਸਰਾ
ਲੁਧਿਆਣਾ, 7 ਨਵੰਬਰ
ਦੀਵਾਲੀ ਅਤੇ ਹੋਰ ਤਿਓਹਾਰ ਲੰਘ ਜਾਣ ਤੋਂ ਬਾਅਦ ਵੀ ਲੁਧਿਆਣਾ ਦੇ ਲੋਕਾਂ ਨੂੰ ਟ੍ਰੈਫਿਕ ਤੋਂ ਛੁਟਕਾਰਾ ਨਹੀਂ ਮਿਲਿਆ। ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਬਹੁਤੀਆਂ ਸੜਕਾਂ ਪੂਰੀ ਤਰ੍ਹਾਂ ਗੱਡੀਆਂ ਅਤੇ ਪੈਦਲ ਰਾਹਗੀਰਾਂ ਨਾਲ ਜਾਮ ਰਹੀਆਂ।
ਤਿਓਹਾਰਾਂ ਮੌਕੇ ਨਾ ਸਿਰਫ ਸਥਾਨਕ ਬਲਕਿ ਦੂਜੇ ਸ਼ਹਿਰਾਂ ਵਿੱਚੋਂ ਵੀ ਖਰੀਦਦਾਰਾਂ ਦੀ ਆਮਦ ਕਰਕੇ ਲੁਧਿਆਣਾ ਵਿੱਚ ਟ੍ਰੈਫਿਕ ਆਮ ਦਿਨਾਂ ਨਾਲੋਂ ਵਧ ਜਾਂਦਾ ਹੈ ਪਰ ਹੁਣ ਦੀਵਾਲੀ ਆਦਿ ਤਿਓਹਾਰ ਲੰਘ ਜਾਣ ਤੋਂ ਬਾਅਦ ਵੀ ਐਤਵਾਰ ਨੂੰ ਸ਼ਹਿਰ ਅਤੇ ਨਾਲ ਲੱਗਦੀਆਂ ਕਈ ਸੜਕਾਂ ਪੂਰੀ ਤਰ੍ਹਾਂ ਜਾਮ ਰਹੀਆਂ। ਸਥਾਨਕ ਮਾਤਾ ਰਾਣੀ ਚੌਂਕ ਨੇੜੇ ਏਸੀ ਮਾਰਕੀਟ ਨੂੰ ਜਾਣ ਵਾਲੀ ਸੜਕ ਭਾਵੇਂ ਇੱਕ ਤਰਫਾ ਕਰ ਦਿੱਤੀ ਗਈ ਹੈ ਪਰ ਇੱਥੇ ਭੀੜ ਜਿਉਂ ਦੀ ਤਿਉਂ ਲੱਗੀ ਰਹਿੰਦੀ ਹੈ। ਕਈ ਵਾਹਨ ਚਾਲਕ ਵੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਲਾਲਸਾ ਕਰਕੇ ਟ੍ਰੈਫਿਕ ਜਾਮ ਕਰਨ ਦਾ ਕਾਰਨ ਬਣ ਜਾਂਦੇ ਹਨ। ਸਥਾਨਕ ਚੌੜਾ ਬਾਜ਼ਾਰ ਐਤਵਾਰ ਨੂੰ ਹੋਰ ਭੀੜਾ ਹੋ ਜਾਂਦਾ ਹੈ। ਦੁਕਾਨਦਾਰਾਂ ਵਲੋਂ ਸੜਕਾਂ ’ਤੇ ਵੱਧ ਸਮਾਨ ਰੱਖਿਆ ਹੋਣ ਕਰਕੇ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ ਸੀ। ਦੂਜੇ ਪਾਸੇ ਕੁਝ ਦਿਨ ਪਹਿਲਾਂ ਸੀਐਮ ਵੱਲੋਂ ਮੰਜਿਆਂ ’ਤੇ ਸਮਾਨ ਰੱਖ ਕੇ ਵੇਚਣ ਵਾਲਿਆਂ ਨੂੰ ਤੰਗ ਨਾ ਕਰਨ ਦੇ ਦਿੱਤੇ ਬਿਆਨ ਨੇ ਇਨ੍ਹਾਂ ਫੜੀਆਂ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ। ਚੌੜਾ ਬਾਜ਼ਾਰ ਦੀ ਸੜਕ ਦੇ ਦੋਵੇਂ ਪਾਸੇ ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਅੱਗੇ 5-5, 6-6 ਤੱਕ ਫੜੀਆਂ ਲਾ ਕੇ ਸਮਾਨ ਰੱਖਿਆ ਹੋਇਆ ਹੈ ਜਿਸ ਨਾਲ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮੁਸ਼ਕਲ ਆ ਰਹੀ ਹੈ। ਆਮ ਲੋਕਾਂ ਦੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਹੈ ਕਿ ਫੜੀਆਂ ਵਾਲਿਆਂ ਨੂੰ ਕੋਈ ਢੁਕਵੀਂ ਥਾਂ ਅਲਾਟ ਕਰ ਦਿੱਤੀ ਜਾਵੇ ਤਾਂ ਕਿ ਬਾਜ਼ਾਰਾਂ ਵਿੱਚ ਲੱਗਦੇ ਜਾਮ ਤੋਂ ਛੁਟਕਾਰਾ ਮਿਲ ਸਕੇ।