ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਸਤੰਬਰ
ਪਿਛਲੇ ਦਿਨਾਂ ਦੌਰਾਨ ਵਰ੍ਹੇ ਮੀਂਹ ਨੇ ਸਮਾਰਟ ਸਿਟੀ ਦੀਆਂ ਸੜਕਾਂ ‘ਪੁੱਟ’ ਦਿੱਤੀਆਂ ਹਨ। ਸਮਾਰਟ ਸਿਟੀ ਲੁਧਿਆਣਾ ਦੀ ਕੋਈ ਸੜਕ ਅਜਿਹੀ ਨਹੀਂ ਬਚੀ ਜਿੱਥੇ ਟੋਏ ਨਾ ਪਏ ਹੋਣ। ਕਈ ਤਾਂ ਅਜਿਹੀਆਂ ਸੜਕਾਂ ਹਨ, ਜਿੱਥੇ ਸੜਕ ਘੱਟ ਤੇ ਟੋਏ ਜ਼ਿਆਦਾ ਨਜ਼ਰ ਆ ਰਹੇ ਹਨ। ਹਾਲੇ ਮੌਨਸੂਨ ਦੌਰਾਨ ਪਏ ਟੋਇਆਂ ਨੂੰ ਨਗਰ ਨਿਗਮ ਨੂੰ ਕੁੱਝ ਦਿਨ ਪਹਿਲਾਂ ਹੀ ਭਰਿਆ ਸੀ, ਹੁਣ ਫਿਰ ਮੌਨਸੂਨ ਦੀ ਵਾਪਸੀ ਨੇ ਸੜਕਾਂ ਦੀ ਕੀਤੀ ‘ਮੱਲ੍ਹਮ ਪੱਟੀ ਨੂੰ ਉਚੇੜ’ ਦਿੱਤਾ ਹੈ। ਮੌਜੂਦਾ ਸਮੇਂ ਵਿੱਚ ਨਗਰ ਨਿਗਮ ਦੇ ਵਿੱਤੀ ਹਾਲਾਤ ਵੀ ਠੀਕ ਨਹੀਂ ਹਨ, ਅਜਿਹੇ ਵਿੱਚ ਨਵੀਂਆਂ ਸੜਕਾਂ ਤਾਂ ਦੂਰ ਦੀ ਗੱਲ ਹੈ, ਪੈਚਵਰਕ ’ਤੇ ਹੀ ਕਰੋੜਾਂ ਰੁਪਏ ਖ਼ਰਚ ਹੋ ਜਾਣਗੇ। ਨਿਗਮ ਮੁਲਾਜ਼ਮਾਂ ਨੂੰ ਤਨਖ਼ਾਹ ਲਈ ਵੀ ਦੋ-ਦੋ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ।
ਸਨਅਤੀ ਸ਼ਹਿਰ ਦੀਆਂ ਸੜਕਾਂ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ। ਇਸ ਕਾਰਨ ਲੋਕਾਂ ਨੂੰ ਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਕਈ ਇਲਾਕੇ ਤਾਂ ਅਜਿਹੇ ਹਨ ਜਿੱਥੇ ਸੜਕਾਂ ’ਤੇ ਪੈਚਵਰਕ ਨਾਲ ਕੰਮ ਨਹੀਂ ਚੱਲਣਾ ਸਗੋਂ ਉੱਥੇ ਨਵੀਂਆਂ ਸੜਕਾਂ ਹੀ ਬਣਾਉਣੀਆਂ ਪੈਣਗੀਆਂ। ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ, ਦੁੱਗਰੀ 100 ਫੁੱਟਾ ਰੋਡ, ਪੱਖੋਵਾਲ ਰੋਡ, ਬੱਸ ਸਟੈਂਡ ਦੇ ਲਾਗੇ ਦੇ ਇਲਾਕੇ, ਭਾਰਤ ਨਗਰ ਚੌਕ, ਕਿੱਲਾ ਮੁਹੱਲਾ, ਸ਼ਿਵਪੁਰੀ, ਬਸਤੀ ਜੋਧੇਵਾਲ, ਬਾਲ ਸਿੰਘ ਨਗਰ, ਰਾਹੋਂ ਰੋਡ, ਰਾਹੋਂ ਰੋਡ ਚੁੰਗੀ, ਸੁਭਾਸ਼ ਨਗਰ, ਸ਼ਕਤੀ ਨਗਰ, ਟਿੱਬਾ ਰੋਡ, ਤਾਜਪੁਰ ਰੋਡ, ਚੰਡੀਗੜ੍ਹ ਰੋਡ ਦਾ ਕੁੱਝ ਹਿੱਸਾ, ਜਮਾਲਪੁਰ, ਚੀਮਾ ਚੌਕ, ਗਿੱਲ ਰੋਡ, ਜਨਤਾ ਨਗਰ, ਅਰੋੜਾ ਪੈਲੇਸ, ਦੁੱਗਰੀ ਦੇ ਕੁੱਝ ਇਲਾਕੇ ਅਜਿਹਾ ਹਨ, ਜਿੱਥੇ ਸੜਕਾਂ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ।
ਦੁੱਗਰੀ ਰੋਡ ’ਤੇ ਰੋਜ਼ਾਨਾ ਵਾਪਰਦੇ ਨੇ ਹਾਦਸੇ
ਦੁੱਗਰੀ 100 ਫੁੱਟਾ ਰੋਡ ’ਤੇ ਵੱਡੇ ਵੱਡੇ ਟੋਏ ਪੈ ਗਏ ਹਨ। ਇੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਕਈ ਸੜਕਾਂ ’ਤੇ ਮੀਂਹ ਕਾਰਨ ਪਏ ਟੋਇਆਂ ਵਿੱਚੋਂ ਬਜਰੀ ਬਾਹਰ ਆ ਗਈ ਹੈ। ਸੜਕਾਂ ਤੋਂ ਪਾਣੀ ਕਾਰਨ ਲੁੱਕ ਗਾਇਬ ਹੋ ਗਈ ਤੇ ਬਜਰੀ ਸੜਕਾਂ ’ਤੇ ਖਿਲਰੀ ਹੋਈ ਹੈ। ਇਸ ਕਾਰਨ ਸੜਕ ਹਾਦਸੇ ਹੋ ਰਹੇ ਹਨ। ਇਸੇ ਤਰ੍ਹਾਂ ਈਐਸਆਈ ਹਸਪਤਾਲ ਦੇ ਸਾਹਮਣੇ ਫਲਾਈਓਵਰ ਦੀ ਉਸਾਰੀ ਕਾਰਨ ਸੜਕ ਪੁੱਟੀ ਹੋਈ ਹੈ। ਇੱਥੇ ਮੀਂਹ ਮਗਰੋਂ ਹਾਦਸੇ ਹੋ ਰਹੇ ਹਨ।