ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਨਵੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਨਾ ਸਿਰਫ ਸੁਸਾਇਟੀ ਦਾ ਰਸਾਲਾ ਲੋਕ ਅਰਪਣ ਕੀਤਾ ਗਿਆ ਸਗੋਂ 1 ਦਸੰਬਰ ਨੂੰ ਹੋਣ ਵਾਲੇ ਇਜਲਾਸ ਅਤੇ ਸਕੂਲਾਂ/ਕਾਲਜਾਂ ਵਿੱਚ ਪ੍ਰਚਾਰ ਮੁਹਿੰਮ ਚਲਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ।
ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ੋਨ ਮੁਖੀ ਜਸਵੰਤ ਜੀਰਖ ਅਤੇ ਮੀਡੀਆ ਮੁਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਹੋਰਨਾਂ ਏਜੰਡਿਆਂ ਤੋਂ ਇਲਾਵਾ ਜ਼ੋਨ ਇਜਲਾਸ ਦਾ ਏਜੰਡਾ ਵਿਚਾਰਿਆ ਗਿਆ। ਇਸ ਦੌਰਾਨ ਤਹਿ ਹੋਇਆ ਕਿ ਜ਼ੋਨ ਇਜਲਾਸ 1 ਦਸੰਬਰ ਨੂੰ ਜ਼ੋਨ ਲੁਧਿਆਣਾ ਦੇ ਦਫਤਰ ਨੇੜੇ ਬੱਸ ਸਟੈਂਡ ਹੋਵੇਗਾ। ਇਸ ਦੌਰਾਨ ਤਰਕਸ਼ੀਲ ਸਾਥੀਆਂ ਦਾ ਪਰਿਵਾਰਕ ਮਿਲਣੀਆਂ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਤਰਕਸ਼ੀਲ ਸਾਹਿਤ ਵੈਨ ਰਾਹੀਂ ਸਕੂਲਾਂ/ਕਾਲਜਾਂ ਵਿੱਚ ਵਿਗਿਆਨਕ ਵਿਚਾਰਧਾਰਾ ਵਿਕਸਤ ਕਰਨ ਹਿੱਤ ਪ੍ਰੋਗਰਾਮ ਤਹਿ ਕੀਤਾ ਗਿਆ। ਇਸ ਉਪਰੰਤ ਤਰਕਸ਼ੀਲ ਮੈਗਜ਼ੀਨ ਰਿਲੀਜ਼ ਕਰਕੇ ਇਕਾਈਆਂ ਵਿੱਚ ਵੰਡਿਆ ਗਿਆ। ਮੀਟਿੰਗ ’ਚ ਮਾਸਟਰ ਭਜਨ ਕੈਨੇਡਾ, ਧਰਮਪਾਲ ਸਿੰਘ, ਸ਼ਮਸ਼ੇਰ ਨੂਰਪੁਰੀ, ਰਜਿੰਦਰ ਜੰਡਿਆਲੀ, ਹਰਚੰਦ ਭਿੰਡਰ, ਕਰਤਾਰ ਵੀਰਾਨ, ਧਰਮ ਸਿੰਘ ਸੂਜਾਪੁਰ, ਮਲਕੀਤ ਸਿੰਘ, ਬਲਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਹਾਜ਼ਰ ਸਨ।