ਗਗਨਦੀਪ ਅਰੋੜਾ
ਲੁਧਿਆਣਾ, 23 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਵੱਡੇ ਫੇਰਬਦਲ ਤੋਂ ਬਾਅਦ ਪੰਜਾਬ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਤਾਂ ਕੀਤਾ ਗਿਆ ਹੈ, ਪਰ ਇਸ ਵਾਰ ਫਿਰ ਲੁਧਿਆਣਾ ਸ਼ਹਿਰ ਦੇ ਲੋਕ ‘ਝੰਡੀ ਵਾਲੀ ਕਾਰ’ ਦੀ ਉਡੀਕ ਹੀ ਕਰਦੇ ਰਹੇ। ਖਾਸ ਗੱਲ ਇਹ ਹੈ ਕਿ ਲੁਧਿਆਣਾ ਸ਼ਹਿਰ ਵਿੱਚੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਦੀ ਕੁਰਸੀ ਨਹੀਂ ਮਿਲੀ ਹੈ, ਪਰ ਜ਼ਿਲ੍ਹੇ ਵਿੱਚ ਦੋ ਮੰਤਰੀ ਹੋ ਗਏ ਹਨ। ਲੁਧਿਆਣਾ ਜ਼ਿਲ੍ਹੇ ਤੋਂ ਮੰਤਰੀ ਬਣਾਏ ਗਏ ਦੋਵੇਂ ਮੰਤਰੀ ਲੋਕ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੇ ਹਨ।
ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ ਅਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਜਦੋਂ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਚਰਚਾ ਸੀ ਤਾਂ ਸ਼ੁਰੂ ਤੋਂ ਹੀ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਅਤੇ ਦੂਜੀ ਵਾਰ ਵਿਧਾਇਕ ਬਣੀ ਸਰਵਜੀਤ ਕੌਰ ਮਾਣੂੰਕੇ ਦਾ ਨਾਂ ਸਭ ਤੋਂ ਅੱਗੇ ਸੀ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਅਸ਼ੋਕ ਪਰਾਸ਼ਰ ਪੱਪੀ ਦਾ ਨਾਂ ਚਰਚਾ ਵਿੱਚ ਰਿਹਾ। ਜੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੇ 14 ਹਲਕੇ ਜ਼ਿਲ੍ਹੇ ਲੁਧਿਆਣਾ ਵਿੱਚ ਪੈਂਦੇ ਹਨ ਜਿਨ੍ਹਾਂ ਵਿੱਚੋਂ ਪੰਜ ਵਿਧਾਨ ਸਭਾ ਹਲਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਬਾਕੀ 9 ਲੋਕ ਸਭਾ ਹਲਕੇ ਲੁਧਿਆਣਾ ਅਧੀਨ ਆਉਂਦੇ ਹਨ। ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਛੇ ਸ਼ਹਿਰੀ ਹਲਕੇ ਹਨ ਜਦਕਿ ਤਿੰਨ ਹਲਕੇ ਪੇਂਡੂ ਇਲਾਕਿਆਂ ਵਿੱਚ ਹਨ। ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਵੀ ਮੰਤਰੀ ਨਹੀਂ ਬਣਾਇਆ, ਜਦੋਂਕਿ ਲੁਧਿਆਣਾ ਦੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀਆਂ ਪੰਜ ਸੀਟਾਂ ਵਿੱਚੋਂ ਦੋ ਨੂੰ ਮੰਤਰੀ ਬਣਾਇਆ ਗਿਆ ਹੈ। ਚਰਚਾ ਸੀ ਕਿ ਜੇਕਰ ਮੰਤਰੀ ਮੰਡਲ ਦਾ ਵਿਸਥਾਰ ਹੁੰਦਾ ਹੈ ਤਾਂ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਮੰਤਰੀ ਬਣਨਾ ਤੈਅ ਹੈ। ਉਸ ਤੋਂ ਬਾਅਦ ਦੂਜਾ ਨਾਂ ਅਸ਼ੋਕ ਪਰਾਸ਼ਰ ਪੱਪੀ ਦਾ ਅਤੇ ਤੀਜਾ ਨਾਂ ਰਜਿੰਦਰਪਾਲ ਕੌਰ ਛੀਨਾ ਦਾ ਸੀ ਜੋ ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਨਾਂ ਵੀ ਸਾਹਮਣੇ ਆਇਆ ਸੀ। ਪਾਰਟੀ ਨੇ ਅਜਿਹੇ ਮੰਤਰੀ ਬਣਾਏ ਜਿਨ੍ਹਾਂ ਦੇ ਨਾਂ ਕਦੇ ਵੀ ਚਰਚਾ ’ਚ ਨਹੀਂ ਆਇਆ।
ਪਾਰਟੀ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ
ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਜਦੋਂ ਤੋਂ ‘ਆਪ’ ਨੇ ਪੰਜਾਬ ’ਚ ਪੈਰ ਪਸਾਰੇ ਹਨ। ਸੂਤਰ ਦੱਸਦੇ ਹਨ ਕਿ ਜਦੋਂ ਅਮਨ ਅਰੋੜਾ ਨੂੰ ਮੰਤਰੀ ਬਣਾਇਆ ਗਿਆ ਸੀ ਤਾਂ ਪਾਰਟੀ ਵੱਲੋਂ ਸਰਵਜੀਤ ਕੌਰ ਮਾਣੂੰਕੇ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਮੰਤਰੀ ਜ਼ਰੂਰ ਬਣਾਇਆ ਜਾਵੇਗਾ। ਜਦੋਂ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ ਤਾਂ ਉਨ੍ਹਾਂ ਦਾ ਨੰਬਰ ਲੱਗੇਗਾ, ਪਰ ਫਿਰ ਜਦੋਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਤਾਂ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਇਹ ਵੀ ਚਰਚਾ ਵੀ ਚੱਲੀ ਸੀ ਕਿ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਮਨਾ ਕਰਨ ਤੋਂ ਬਾਅਦ ਜਦ ਪੱਪੀ ਨੂੰ ਮਨਾਇਆ ਗਿਆ ਸੀ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਉਹ ਜਿੱਤ ਗਏ ਤਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਹਲਕਾ ਕੇਂਦਰੀ ਤੋਂ ਟਿਕਟ ਦਿੱਤੀ ਜਾਵੇਗੀ ਅਤੇ ਜੇ ਉਹ ਨਹੀਂ ਜਿੱਤਦੇ ਤਾਂ ਮੰਤਰੀ ਬਣਾ ਦਿੱਤਾ ਜਾਵੇਗਾ, ਪਰ ਪੱਪੀ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ।