ਗਗਨਦੀਪ ਅਰੋੜਾ
ਲੁਧਿਆਣਾ, 4 ਅਗਸਤ
ਸ਼ਹਿਰ ਵਿੱਚ ਅੱਜ ਦੁਪਹਿਰ ਵੇਲੇ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਨਾਲ ਸ਼ਹਿਰ ਦੇ ਲੋਕ ਸਹਿਮ ਗਏ। ਇੱਕਦਮ ਹੋਏ ਧਮਾਕੇ ਮਗਰੋਂ ਲੋਕ ਘਰਾਂ ’ਚੋਂ ਬਾਹਰ ਨਿਕਲ ਆਏ। ਧਮਾਕੇ ਦੀ ਆਵਾਜ਼ ਕਿੱਥੋਂ ਆਈ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਦੇਰ ਸ਼ਾਮ ਤੱਕ ਹਰ ਪਾਸੇ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਪਰ ਕਮਿਸ਼ਨਰੇਟ ਦੇ ਨਾਲ-ਨਾਲ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਵੀ ਗੱਲ ਹੋਈ ਹੈ ਅਤੇ ਫਿਲਹਾਲ ਇਹ ਧਮਾਕਾ ਕਿੱਥੇ ਹੋਇਆ, ਇਸ ਬਾਰੇ ਪਤਾ ਲਾਇਆ ਜਾ ਰਿਹਾ ਹੈ।
ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਤਾਂ ਜ਼ਰੂਰ ਆਈ ਸੀ ਪਰ ਕਿੱਥੋਂ ਆਈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਇਹ ਸੋਨਿਕ ਬੂਮ ਹੋ ਸਕਦੀ ਹੈ। ਸ਼ਹਿਰ ਵਿੱਚ ਸ਼ਾਂਤੀ ਹੈ ਤੇ ਲੋਕਾਂ ਨੂੰ ਕਿਸੇ ਵੀ ਅਫ਼ਵਾਹ ’ਤੇ ਧਿਆਨ ਨਹੀਂ ਦੇਣਾ ਚਾਹੀਦਾ।
ਜਾਣਕਾਰੀ ਅੱਜ ਦੁਪਹਿਰ ਕਰੀਬ 2:50 ਵਜੇ ਅਚਾਨਕ ਇੱਕ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਲੋਕ ਧਮਾਕੇ ਦੀ ਆਵਾਜ਼ ਦੀ ਜਾਣਕਾਰੀ ਲਈ ਸੋਸ਼ਲ ਮੀਡੀਆ ਦੇ ਨਾਲ-ਨਾਲ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਫੋਨ ਕਰਕੇ ਪੁੱਛ ਪੜਤਾਲ ਕਰਨ ਲੱਗੇ ਪਰ ਕਿਸੇ ਨੂੰ ਵੀ ਧਮਾਕੇ ਦੀ ਆਵਾਜ਼ ਬਾਰੇ ਕੋਈ ਪੁਖਤਾ ਜਾਣਕਾਰੀ ਪ੍ਰਾਪਤ ਨਹੀਂ ਹੋਈ। ਸ਼ਹਿਰ ਵਿੱਚ ਅਫ਼ਵਾਹ ਫ਼ੈਲੀ ਰਹੀ ਕਿ ਹੋ ਸਕਦਾ ਹੈ ਕਿ ਕਿਤੇ ਨੇੜੇ-ਤੇੜੇ ਬੰਬ ਧਮਾਕਾ ਹੋਇਆ ਹੋਵੇ। ਕਈ ਲੋਕ ਇਸ ਨੂੰ ਏਅਰਫੋਰਸ ਵੱਲੋਂ ਅਭਿਆਸ ਵਜੋਂ ਕੀਤੇ ਜਾਣ ਵਾਲੇ ਬੰਬ ਧਮਾਕਿਆਂ ਨਾਲ ਜੋੜਦੇ ਰਹੇ। ਦੱਸ ਦੇਈਏ ਕਿ ਤਹਿਸੀਲ ਜਗਰਾਉਂ ਵਿੱਚ ਪੈਂਦੇ ਪਿੰਡ ਸੋਢੀਵਾਲ ’ਚ ਅਕਸਰ ਹੀ ਹਲਵਾਰਾ ਏਅਰਫੋਰਸ ਵੱਲੋਂ ਮੁਹਿੰਮ ਬੰਬ ਧਮਾਕੇ ਕੀਤੇ ਜਾਂਦੇ ਹਨ।