ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਅਗਸਤ
ਪਿੰਡ ਭੂੰਦੜੀ ਵਾਸੀਆਂ ਨੇ ਗ੍ਰਾਮ ਸਭਾ ਦਾ ਇਜਲਾਸ ਸੱਦ ਕੇ ਅੱਜ ਕੁਝ ਮਤੇ ਪਾਸ ਕੀਤੇ। ਇਨ੍ਹਾਂ ’ਚ ਸਭ ਤੋਂ ਅਹਿਮ ਮਤਾ ਪਿੰਡ ’ਚ ਲੱਗ ਰਹੀ ਗੈਸ ਫੈਕਟਰੀ ਬੰਦ ਕਰਨ ਦਾ ਵੀ ਸ਼ਾਮਲ ਸੀ। ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਨੁਮਾਇੰਦਿਆਂ ਡਾ. ਸੁਖਦੇਵ ਸਿੰਘ ਭੂੰਦੜੀ, ਕੋਮਲਜੀਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਜਗਤਾਰ ਸਿੰਘ ਮਾੜਾ, ਸੂਬੇਦਾਰ ਕਾਲਾ ਸਿੰਘ, ਦਲਜੀਤ ਸਿੰਘ ਤੂਰ, ਮਲਕੀਤ ਸਿੰਘ ਚੀਮਨਾ, ਭਿੰਦਰ ਸਿੰਘ ਭਿੰਦੀ, ਮਨਜਿੰਦਰ ਸਿੰਘ ਮੋਨੀ, ਸਤਵੰਤ ਸਿੰਘ ਫੌਜੀ, ਕੈਪਟਨ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਨਜਿੰਦਰ ਸਿੰਘ ਖੇੜੀ, ਸੁਰਿੰਦਰ ਸਿੰਘ ਮੁਕੰਦਪੁਰ ਤੇ ਬੀਕੇਯੂ (ਡਕੌਂਦਾ) ਦੇ ਜਸਪਾਲ ਸਿੰਘ ਜੱਸਾ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਜਸਵੀਰ ਸਿੰਘ ਸੀਰਾ ਤੇ ਛਿੰਦਰਪਾਲ ਸਿੰਘ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਬੋਰਡ ਦੀਆਂ ਗਾਈਡ ਲਾਈਨਜ਼ ਅਨੁਸਾਰ ਗੈਸ ਪਲਾਂਟ ਆਬਾਦੀ ਦੇ ਤਿੰਨ ਸੌ ਮੀਟਰ ਦੇ ਘੇਰੇ ’ਚ ਅਤੇ ਸੌ ਮੀਟਰ ਦੇ ਘੇਰੇ ’ਚ ਪਾਣੀ ਦੇ ਸਾਂਝੇ ਰਿਸੋਰਸ ’ਚ ਨਹੀਂ ਲੱਗ ਸਕਦਾ। ਪਰ ਭੂੰਦੜੀ ਵਾਲਾ ਪਲਾਂਟ ਇਨ੍ਹਾਂ ਦੋਹਾਂ ਦਾ ਉਲੰਘਣ ਕਰਦਾ ਹੈ। ਪਲਾਂਟ ਮਾਲਕਾਂ ਨੇ ਮਨਘੜਤ ਨਕਸ਼ਾ ਬਣਾ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਅਧਿਕਾਰੀਆਂ ਤੋਂ ਪ੍ਰਵਾਨਗੀ ਹਾਸਲ ਕੀਤੀ ਹੈ। ਜਦਕਿ ਮਾਲ ਵਿਭਾਗ ਦੇ ਸਰਕਾਰੀ ਨਕਸ਼ੇ ’ਚ ਤਿੰਨ ਮੀਟਰ ਦੇ ਘੇਰੇ ’ਚ ਆਬਾਦੀ, ਸਕੂਲ ਤੇ ਪੈਟਰੋਲ ਪੰਪ ਹਨ। ਇਜਲਾਸ ਨੇ ਮੰਗ ਕੀਤੀ ਕਿ ਐਨਓਸੀ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਤੇ ਪਲਾਂਟ ਮਾਲਕਾਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਗੈਸ ਫੈਕਟਰੀ ਦਾ ਲਾਇਸੈਂਸ ਰੱਦ ਕਰਕੇ ਇਸ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ।