ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਗਸਤ
ਇਨਕਲਾਬੀ ਕੇਂਦਰ ਪੰਜਾਬ (ਇਕਾਈ ਲੁਧਿਆਣਾ) ਦੀ ਅੱਜ ਅਹਿਮ ਮੀਟਿੰਗ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਹੋਈ। ਇਸ ਵਿੱਚ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਦੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛਣ ਲਈ ਲੋਕਾਂ ਨੂੰ ਸਿੱਖਿਅਤ ਕਰਨ ਦੀ ਮੁਹਿੰਮ ਸਤੰਬਰ ਤੋਂ ਚਲਾਈ ਜਾਵੇ। ਇਹ ਸਵਾਲ ਤਿਆਰ ਕਰਨ ਲਈ ਜਸਵੰਤ ਜੀਰਖ, ਕਾ. ਸੁਰਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਡਾ . ਹਰਬੰਸ ਸਿੰਘ ’ਤੇ ਆਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ। ਲੁਧਿਆਣਾ ਦੇ ਵੱਖ ਵੱਖ ਖੇਤਰਾਂ ਵਿੱਚ ਇਨ੍ਹਾਂ ਸਵਾਲਾਂ ਦੇ ਫਲੈਕਸ ਤਿਆਰ ਕਰਕੇ ਲਾਏ ਜਾਣ ਦਾ ਫੈਸਲਾ ਵੀ ਕੀਤਾ ਤਾਂ ਜੋ ਲੋਕ ਆਪਣੇ ਅਸਲ ਮੁੱਦੇ ਪਹਿਚਾਣ ਕੇ ਸਿਆਸਤਦਾਨਾਂ ਨੂੰ ਸਵਾਲ ਕਰ ਸਕਣ। ਸੋਸ਼ਲ ਮੀਡੀਆ ਵਿੱਚ ਵੀ ਇਸ ਬਾਰੇ ਪ੍ਰਚਾਰ ਕਰਨਾ ਤੈਅ ਕੀਤਾ ਗਿਆ। ਇੱਕ ਹੋਰ ਏਜੰਡੇ ਵਿੱਚ ਇਨਕਲਾਬੀ ਕੇਂਦਰ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਮਹੀਨੇ ਮੀਟਿੰਗ ਕਰਨਾ ਤੈਅ ਕੀਤਾ ਗਿਆ ਅਤੇ ਹਰ ਮੈਂਬਰ ਇਸ ਮੀਟਿੰਗ ਵਿੱਚ ਆਪਣੇ ਵੱਲੋਂ ਸੰਸਥਾ ਲਈ ਕੀਤੇ ਲੋਕ ਪੱਖੀ ਕੰਮਾਂ ਦੀ ਕਾਰਗੁਜ਼ਾਰੀ ਦੱਸਿਆ ਕਰੇਗਾ।