ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ
ਕਰੋਨਾਵਾਇਰਸ ਨੂੰ ਮਾਤ ਦੇ ਕੇ ਠੀਕ ਹੋਏ ਲੋਕਾਂ ’ਤੇ ਹੁਣ ਬਲੈਕ ਫੰਗਸ ਦਾ ਖ਼ਤਰਾ ਮੰਡਰਾ ਰਿਹਾ ਹੈ। ਸਨਅਤੀ ਸ਼ਹਿਰ ਵਿੱਚ ਹੁਣ ਤੱਕ ਅਜਿਹੇ ਕਈ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤਰ੍ਹਾਂ ਦੇ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ ਡੀਐਮਸੀ ਹਸਪਤਾਲ ’ਚ ਚੱਲ ਰਿਹਾ ਹੈ। ਬਲੈਕ ਫੰਗਸ ਦੇ ਇਹ ਮਾਮਲੇ ਈਐਨਟੀ, ਨਿਊਰੋ ਤੇ ਆਈ ਵਿਭਾਗ ਨਾਲ ਸਬੰਧਿਤ ਹਨ। ਕਰੀਬ ਪੰਜ ਮਰੀਜ਼ ਅਜਿਹੇ ਹਨ, ਫੰਗਸ ਜਿਨ੍ਹਾਂ ਦੇ ਦਿਮਾਗ ਤੱਕ ਪੁੱਜ ਚੁੱਕੀ ਹੈ। ਡੀਐੱਮਸੀ ਹਸਪਤਾਲ ਦੇ ਈਐਨਟੀ ਵਿਭਾਗ ਦੇ ਮੁੱਖ ਡਾਕਟਰ ਮੁਨੀਸ਼ ਮੁੰਜਾਲ ਨੇ ਦੱਸਿਆ ਕਿ ਕਰੋਨਾ ਨੂੰ ਮਾਤ ਦੇ ਚੁੱਕੇ ਕੁਝ ਮਰੀਜ਼ਾਂ ਨੂੰ ਬਲੈਕ ਫੰਗਸ ਹੋ ਰਹੀ ਹੈ। ਇੱਕ ਮਹੀਨੇ ਦੌਰਾਨ ਉਨ੍ਹਾਂ ਕੋਲ ਬਲੈਕ ਫੰਗਸ ਦੇ 10 ਮਾਮਲੇ ਆ ਚੁੱਕੇ ਹਨ ਜਿਨ੍ਹਾਂ ਦੀਆਂ ਅੱਖਾਂ ਦੇ ਥੱਲੇ, ਨੱਕ ਅਤੇ ਸਾਈਨੈਸ ’ਚ ਬਲੈਕ ਫੰਗਸ ਸੀ। ਉਨ੍ਹਾਂ ਦੇ ਫੇਫੜੇ ਖ਼ਰਾਬ ਹੋਣ ਦੇ ਚੱਲਦੇ ਹੁਣ ਅਪ੍ਰੇਸ਼ਨ ਨਹੀਂ ਕੀਤਾ ਜਾ ਸਕਦਾ। ਪੰਜ ਮਾਮਲੇ ਆਈ ਵਿਭਾਗ ਕੋਲ ਆਏ ਸਨ ਜਿਨ੍ਹਾਂ ਦਾ ਅਪ੍ਰੇਸ਼ਨ ਕਰ ਅੱਖ ਕੱਢਣੀ ਪਈ ਹੈ। ਨਿਊਰੋ ਵਿਭਾਗ ’ਚ ਵੀ ਅਜਿਹੇ ਚਾਰ ਮਾਮਲੇ ਆ ਚੁੱਕੇ ਹਨ। ਹੁਣ ਤੱਕ ਜਿੰਨੇ ਵੀ ਲੋਕਾਂ ’ਚ ਬਲੈਕ ਫੰਗਸ ਮਿਲੀ ਹੈ, ਉਹ ਸਾਰੇ ਕਰੋਨਾ ਮਰੀਜ਼ ਰਹੇ ਹਨ।
ਲੁਧਿਆਣਾ ਦੇ ਡਾਕਟਰ ਰਮੇਸ਼ ਕੁਮਾਰ ਮਾਹਿਰ ਆਈ ਐਂਡ ਲੇਜ਼ਰ ਸੈਂਟਰ ’ਚ ਵੀ ਬਲੈਕ ਫੰਗਸ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਰੋਨਾਵਾਇਰਸ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਅੱਖਾਂ ਲਈ ਇਸ ਦੇ ਨੁਕਸਾਨ ਸਾਹਮਣੇ ਆਉਣ ਲੱਗੇ ਹਨ। ਇਸ ਨਾਲ ਵਿਅਕਤੀ ਦੇ ਦੇਖਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ। ਇਹ ਬਿਮਾਰੀ ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਹਫ਼ਤਿਆਂ ਬਾਅਦ ਵੀ ਹੋ ਸਕਦੀ ਹੈ।