ਮੁੱਖ ਅੰਸ਼
- ਮਹਿਕਮੇ ’ਤੇ ਰਾਈਡਿੰਗ ਸਰਫੇਸ ਟੈਸਟ ਸਬੰਧੀ ਜਾਣਕਾਰੀ ਨਾ ਦੇਣ ਦੇ ਦੋਸ਼
- ਪੜਤਾਲ ਮਗਰੋਂ ਦੇਵਾਂਗੇ ਜਾਣਕਾਰੀ: ਐਕਸੀਅਨ
ਦੇਵਿੰਦਰ ਸਿੰਘ ਜੱਗੀ
ਪਾਇਲ, 21 ਮਾਰਚ
ਭਾਡੇਵਾਲ ਦੇ ਨਹਿਰੀ ਪੁਲ ਤੋਂ ਜਰਗੜੀ ਤੱਕ ਬਣਾਈ ਸੜਕ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰੀ ਰਹੀ ਹੈ। ਪਿੰਡ ਜਰਗੜੀ ਦੇ ਅਵਤਾਰ ਸਿੰਘ ਅਤੇ ਨੰਬਰਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਕਾਰਜਕਾਰੀ ਕਮ-ਲੋਕ ਸੂਚਨਾ ਅਧਿਕਾਰੀ ਲੋਕ ਨਿਰਮਾਣ ਵਿਭਾਗ ਲੁਧਿਆਣਾ ਤੋਂ ਸੂਚਨਾ ਅਧਿਕਾਰ ਐਕਟ ਤਹਿਤ 1 ਜਨਵਰੀ 2021 ਨੂੰ ਭਾਡੇਵਾਲ ਨਹਿਰੀ ਪੁਲ ਤੋਂ ਜਰਗੜੀ ਅੱਪ-ਟੂ-ਐੱਮ.ਡੀ.ਆਰ.33 ਤੱਕ ਬਣੀ ਸੜਕ ਦੇ ਰਾਈਡਿੰਗ ਸਰਫੇਸ ਟੈਸਟ ਸਬੰਧੀ ਜਾਣਕਾਰੀ ਮੰਗੀ ਗਈ ਸੀ ਜੋ ਅੱਜ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਨਾ ਦੇਣਾ, ਮਹਿਕਮੇ ਦੀ ਠੇਕੇਦਾਰ ਨਾਲ ਮਿਲੀ ਭੁਗਤ ਸਾਬਤ ਹੋ ਰਹੀ ਹੈ ਕਿਉਂਕਿ ਮਹਿਕਮੇ ਵੱਲੋਂ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਰਾਈਡਿੰਗ ਸਰਫੇਸ ਟੈਸਟ ਰਿਪੋਰਟ ਤਿਆਰ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਘਪਲੇਬਾਜ਼ੀ ਅਤੇ ਧੋਖਾਧੜੀ ਹੈ। ਇਸੇ ਕਾਰਨ ਹੀ ਮਹਿਕਮੇ ਵੱਲੋਂ ਉਕਤ ਸੜਕ ਦਾ ਕੰਮ ਪੂਰਾ ਹੋਣ ਸਬੰਧੀ ਪੀ.ਐੱਮ.ਜੀ.ਐਸ.ਵਾਈ ਦੀ ਵੈੱਬਸਾਈਟ ’ਤੇ ਜਾਣਕਾਰੀ ਅਪਲੋਡ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਉਸ ਵੇਲੇ ਦੇ ਕਾਰਜਕਾਰੀ ਇੰਜਨੀਅਰ ਉਸਾਰੀ ਮੰਡਲ ਨੰਬਰ-3 ਵੱਲੋਂ ਠੇੇਕੇਦਾਰ ਨੂੰ ਇੱਕ ਪੱਤਰ ਨੰਬਰ 2178 ਮਿਤੀ 08/02/2016 ਨੂੰ ਜਾਰੀ ਕੀਤਾ ਗਿਆ ਸੀ ਪਰ ਠੇਕੇਦਾਰ ’ਤੇ ਕੋਈ ਅਸਰ ਨਹੀਂ ਹੋਇਆ। ਭਾਡੇਵਾਲ ਪੁਲ ਉਪਰ ਲਗਾਏ ਬੋਰਡ ’ਤੇ ਜੋ ਸੜਕ ਨੂੰ ਪੂਰਾ ਕਰਨ ਦਾ ਸਮਾਂ 01/02/2014 ਲਿਖਿਆ ਸੀ ਉਸ ਨੂੰ ਸਾਫ ਕਰਕੇ 14/07/2016 ਕਰ ਦਿੱਤਾ ਗਿਆ, ਪਰ ਜਿੰਨੀ ਦੇਰ ਤੱਕ ਮਹਿਕਮੇ ਦੇ ਨਿਯਮਾਂ ਅਨੁਸਾਰ ਸੜਕ ਦਾ ਰਾਈਡਿੰਗ ਸਰਫੇਸ ਟੈਸਟ ਨਹੀਂ ਹੋ ਜਾਂਦਾ ਓਨੀ ਦੇਰ ਤੱਕ ਸੜਕ ਦਾ ਕੰਮ ਪੂਰਾ ਨਹੀਂ ਮੰਨਿਆ ਜਾ ਸਕਦਾ। ਇਸ ਸਬੰਧੀ ਐਕਸੀਅਨ ਸਤਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਰਿਕਾਰਡ ਪੁਰਾਣਾ ਹੋਣ ਕਰਕੇ ਘੋਖ ਪੜਤਾਲ ਕਰਕੇ ਜਲਦੀ ਹੀ ਦੇ ਦੇਵਾਂਗੇ।