ਸਤਵਿੰਦਰ ਬਸਰਾ
ਲੁਧਿਆਣਾ, 9 ਅਕਤੂਬਰ
ਸਨਅਤੀ ਸ਼ਹਿਰ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਪੈਂਦੀਆਂ ਕਈ ਲਿੰਕ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਕਈ ਸੜਕਾਂ ’ਤੇ ਸੀਵਰੇਜ ਦੇ ਢੱਕਣ ਟੁੱਟੇ ਹੋਣ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਸੜਕਾਂ ’ਤੇ ਖੜ੍ਹੇ ਪਾਣੀ ਕਰਕੇ ਲੋਕਾਂ ਨੂੰ ਲੰਘਣ ਵਿੱਚ ਵੀ ਮੁਸ਼ਕਲ ਪੇਸ਼ ਆ ਰਹੀ ਹੈ।
ਸ਼ਹਿਰ ਦੇ ਉਦਯੋਗਿਕ ਧੁਰੇ ਫੋਕਲ ਪੁਆਇੰਟ ਦੀ ਮੁੱਖ ਸੜਕ ਤਾਂ ਭਾਵੇਂ ਸੀਮੈਂਟ ਦੀ ਬਣਾ ਦਿੱਤੀ ਗਈ ਹੈ ਪਰ ਇਸ ਨੂੰ ਲੱਗਦੀਆਂ ਲਿੰਕ ਸੜਕਾਂ ਵਿੱਚੋਂ ਕਈਆਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਉਥੋਂ ਰਾਤ ਸਮੇਂ ਤਾਂ ਦੂਰ ਦਿਨ ਸਮੇਂ ਵੀ ਪੈਦਲ ਲੰਘਣਾ ਮੁਸ਼ਕਲ ਲੱਗ ਰਿਹਾ ਹੈ। ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਫੋਰਟਿਸ ਹਸਪਤਾਲ ਦੇ ਸਾਹਮਣੇ ਫੋਕਲ ਪੁਆਇੰਟ ਨੂੰ ਜਾਂਦੀ ਸੜਕ ਦੇ ਬਿਲਕੁਲ ਨਾਲ ਲੱਗਦੀਆਂ ਦੋ ਲਿੰਕ ਸੜਕਾਂ ਵਿੱਚ ਖੜ੍ਹਾ ਪਾਣੀ ਸ਼ਹਿਰ ਦੀਆਂ ਸਮਾਰਟ ਸੜਕਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਲਿੰਕ ਸੜਕ ’ਤੇ ਤਾਂ ਪੈਦਲ ਲੰਘਣ ਲਈ ਵੀ ਕੋਈ ਸੁੱਕੀ ਥਾਂ ਦਿਖਾਈ ਨਹੀਂ ਦਿੰਦੀ। ਇਸ ਦੇ ਬਿਲਕੁਲ ਮੋੜ ’ਤੇ ਸੀਵਰੇਜ ਦਾ ਟੁੱਟਾ ਹੋਇਆ/ਗਾਇਬ ਢੱਕਣ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਸੜਕ ਦੇ ਐਨ ਵਿਚਕਾਰ ਖੁੱਲ੍ਹੇ ਇਸ ਸੀਵਰੇਜ ਦੇ ਢੱਕਣ ਕਰਕੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਲਿੰਕ ਸੜਕਾਂ ਦੀ ਹਾਲਤ ਮਾੜੀ ਦੇਖੀ ਜਾ ਸਕਦੀ ਹੈ। ਫੋਕਲ ਪੁਆਇੰਟ ਤੋਂ ਇਲਾਵਾ ਜਮਾਲਪੁਰ ਨੇੜੇ ਵੀ ਸੀਵਰਜ ’ਤੇ ਰੱਖਿਆ ਹੋਇਆ ਢੱਕਣ ਬਰਸਾਤੀ ਮੌਸਮ ਵਿੱਚ ਪਾਣੀ ਦੇ ਪ੍ਰੈਸ਼ਰ ਨਾਲ ਉਪਰ ਚੁੱਕਿਆ ਜਾਂਦਾ ਹੈ। ਇੱਥੋਂ ਨਿਕਲਦਾ ਤੇਜ਼ਾਬੀ ਪਾਣੀ ਸਿਰਫ ਜਮਾਲਪੁਰ ਨੇੜੇ ਹੀ ਨਹੀਂ ਸਗੋਂ, ਵਰਧਮਾਨ ਰੋਡ, ਸੈਕਟਰ-32, ਸੈਕਟਰ-39, ਮੋਤੀ ਨਗਰ ਆਦਿ ਇਲਾਕਿਆਂ ਵਿੱਚ ਭਰ ਜਾਂਦਾ ਹੈ। ਇਸ ਤੇਜ਼ਾਬੀ ਪਾਣੀ ਨਾਲ ਘਰਾਂ ਅਤੇ ਦੁਕਾਨਾਂ ਦੀਆਂ ਕੰਧਾਂ ਅਤੇ ਫਰਸ਼ ਅੱਜ ਵੀ ਪੀਲੇ ਹੋਏ ਦੇਖੇ ਜਾ ਸਕਦੇ ਹਨ।