ਦਵਿੰਦਰ ਜੱਗੀ
ਪਾਇਲ, 25 ਸਤੰਬਰ
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਪਿੰਡ ਕਰੌਂਦੀਆਂ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਅੰਦਰ ਪਿਆ ਸਮਾਨ ਖਰਾਬ ਹੋ ਗਿਆ ਹੈ। ਮਕਾਨ ਮਾਲਕ ਹਰੀ ਸਿੰਘ ਵਾਸੀ ਪਿੰਡ ਕਰੌਦੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਢਾਈ ਵਜੇ ਮੀਂਹ ਪੈਣ ਦੌਰਾਨ ਕਮਰੇ ਦੀ ਛੱਤ ਡਿੱਗ ਪਈ, ਜਿਸ ਨਾਲ ਕਮਰੇ ਵਿੱਚ ਪਏ ਘਰੇਲੂ ਸਮਾਨ ਦਾ ਨੁਕਸਾਨ ਹੋ ਗਿਆ ਜਦਕਿ ਪਰਿਵਾਰ ਦੇ ਮੈਂਬਰ ਦੂਸਰੇ ਕਮਰੇ ਵਿੱਚ ਸੁੱਤੇ ਪਏ ਹੋਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ । ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਸਮਰਾਲਾ(ਪੱਤਰ ਪ੍ਰੇਰਕ): ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸਮਰਾਲਾ ਨੇੜਲੇ ਪਿੰਡ ਪੂਰਬਾ ਵਿੱਚ ਇਕ ਘਰ ਦੀ ਛੱਤ ਡਿੱਗ ਗਈ। ਹਾਲਾਂਕਿ ਘਰ ਦੀ ਛੱਤ ਡਿੱਗਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ,ਪਰ ਪੀੜਤ ਪਰਿਵਾਰ ਨੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿੰਡ ਦੇ ਬਾਹਰ ਬਾਹਰ ਬਣੇ ਇਸ ਕੋਠੇ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਅੱਜ ਤੜਕੇ ਕਰੀਬ ਸਾਢੇ ਛੇ ਵਜੇ ਉਨ੍ਹਾਂ ਦੇ ਕੋਠੇ ਦੀ ਛੱਤ ਅਚਾਨਕ ਡਿੱਗ ਗਈ। ਜਿਸ ਵੇਲੇ ਕੋਠੇ ਦੀ ਛੱਤ ਡਿੱਗੀ ਉਦੋਂ ਕੋਈ ਵੀ ਕੋਠੇ ਦੇ ਅੰਦਰ ਨਹੀਂ ਸੀ। ਜਿਸ ਦੇ ਚੱਲਦੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਭਾਵੇਂ ਬਚਾਅ ਹੋ ਗਿਆ ਪਰ ਛੱਤ ਡਿੱਗਣ ਕਾਰਨ ਪਰਿਵਾਰ ਦਾ ਮਾਲੀ ਨੁਕਸਾਨ ਹੋਇਆ ਹੈ। ਪੀੜਤ ਪਰਿਵਾਰ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਸਾਤ ਕਾਰਨ ਛੱਤ ਡਿੱਗਣ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਪਰਿਵਾਰ ਨੂੰ ਤੁਰੰਤ ਦਿੱਤਾ ਜਾਵੇ।