ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਅਗਸਤ
ਪਿੰਡਾਂ ਦੇ ਬੇਜ਼ਮੀਨੇ ਦਲਿਤ ਗ਼ਰੀਬਾਂ, ਮਜ਼ਦੂਰਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਅਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੋਗਰਾਮ ਮੁਤਾਬਕ ਨੇੜਲੇ ਪਿੰਡ ਸਿੱਧਵਾਂ ਕਲਾਂ ਤੋਂ ਝੰਡਾ ਮਾਰਚ ਸ਼ੁਰੂ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰਾਂ ਦੇ ਬੁਨਿਆਦੀ ਮੰਗਾਂ ਮਸਲਿਆਂ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ। ਖੇਤਾਂ ’ਚ ਆਏ ਹਰੇ ਇਨਕਲਾਬ ਨੇ ਖੇਤ ਮਜ਼ਦੂਰਾਂ ਦੇ ਚਿਹਰੇ ਪੀਲੇ ਕਰ ਦਿੱਤੇ ਹਨ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਨੂੰ ਰਾਖਵੇਂ ਜ਼ਮੀਨਾਂ ਦਾ ਪੱਕਾ ਪ੍ਰਬੰਧ ਦਲਿਤ ਕਮੇਟੀਆਂ ਬਣਾ ਕੇ ਦਿੱਤਾ ਜਾਵੇ, ਲੈਂਡ ਸੀਲਿੰਗ ਐਕਟ ਲਾਗੂ ਕਰ ਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਕਿਸਾਨਾਂ ਅਤੇ ਦਲਿਤਾਂ ’ਚ ਤਕਸੀਮ ਕੀਤੀਆਂ ਜਾਣ, ਮਜ਼ਦੂਰਾਂ ਨੂੰ ਮਨਰੇਗਾ ਤਹਿਤ ਸਾਰਾ ਸਾਲ ਕੰਮ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ ਤੇ ਲਾਲ ਲਕੀਰ ’ਚ ਵਸਦੇ ਲੋਕਾਂ ਨੂੰ ਉਸ ਜਗ੍ਹਾ ਦੀ ਮਾਲਕੀ ਦਿੱਤੀ ਜਾਵੇ। ਇਸ ਮੌਕੇ ਪਰਦੀਪ ਭੂੰਦੜੀ, ਸੱਤਾ ਪੋਨਾ, ਗੁਰਮੇਲ ਪੋਨਾ, ਛਿੰਦਾ ਸਿੰਘ, ਤੀਰਥ ਸਿੱਧਵਾਂ ਕਲਾਂ, ਕਾਲਾ ਸਿੰਘ ਤੇ ਗੋਰਾ ਸਿੰਘ ਹਾਜ਼ਰ ਸਨ।