ਸਤਵਿੰਦਰ ਬਸਰਾ
ਲੁਧਿਆਣਾ, 9 ਜੁਲਾਈ
ਕਰੋਨਾ ਮਹਾਂਮਾਰੀ ਕਾਰਨ ਠੱਪ ਹੋਏ ਕਾਰੋਬਾਰ ਅਤੇ ਜੰਗਲੀ ਸੂਰਾਂ ਦੀ ਮੰਡੀ ਵਿੱਚ ਵਧੀ ਵਿਕਰੀ ਨੇ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸੂਰ ਪਾਲਕਾਂ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਵੱਲੋਂ ਇਹ ਵੀ ਡਰ ਪ੍ਰਗਟਾਇਆ ਜਾ ਰਿਹਾ ਹੈ ਕਿ ਜੰਗਲੀ ਸੂਰਾਂ ਰਾਹੀਂ ਚੀਨ ਤੋਂ ਆਇਆ ਅਫਰੀਕਨ ਸਵਾਇਨ ਫੀਵਰ ਉਨ੍ਹਾਂ ਦੇ ਸੂਰਾਂ ਵਿੱਚ ਫੈਲਣ ਕਰਕੇ ਵੱਡਾ ਆਰਥਿਕ ਸੰਕਟ ਆ ਸਕਦਾ ਹੈ। ਪਿਛਲੇ ਕਰੀਬ ਚਾਰ ਕੁ ਮਹੀਨੇ ਤੋਂ ਦੇਸ਼ ਵਿੱਚ ਫੈਲੇ ਕਰੋਨਾਵਾਇਰਸ ਕਰਕੇ ਮੰਡੀਆਂ ਵਿੱਚ ਸੂਰਾਂ ਦੀ ਮੰਗ ਕਾਫੀ ਘੱਟ ਹੋ ਗਈ ਹੈ। ਇਸ ਕਰਕੇ ਗੁਜਰਾਤ, ਰਾਜਸਥਾਨ ਤੋਂ ਕਈ ਲੋਕ ਜੰਗਲੀ ਸੂਰਾਂ ਨੂੰ ਸਥਾਨਕ ਮੰਡੀਆਂ ਵਿੱਚ ਲਿਆ ਕੇ ਵੇਚਣ ਲੱਗ ਪਏ ਹਨ। ਇਸ ਵਜ੍ਹਾ ਕਰਕੇ ਘਰੇਲੂ ਸੂਰ ਪਾਲਕਾਂ ਨੂੰ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਪ੍ਰੋਗਰੈਸਿਵ ਪਿੱਗਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਪਸ਼ੂ ਪਾਲਣ ਵਿਭਾਗ ਅਤੇ ਵੈਟਰਨਰੀ ’ਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਸਿਫਾਰਿਸ਼ ਕੀਤੀਆਂ ਕਿਸਮਾਂ ਦੇ ਹੀ ਸੂਰ ਪਾਲਦੇ ਹਨ। ਉਨ੍ਹਾਂ ਦੀ ਜੱਥੇਬੰਦੀ ਨਾਲ 500 ਦੇ ਕਰੀਬ ਸੂਰ ਪਾਲਕ ਜੁੜੇ ਹੋਏ ਹਨ। ਪਹਿਲਾਂ ਇੱਕ ਜਿਊਂਦਾ ਸੂਰ 115-118 ਰੁਪਏ ਕਿਲੋ ਵਿਕ ਜਾਂਦਾ ਸੀ ਪਰ ਕਰੋਨਾ ਕਰਕੇ ਮੰਡੀ ਵਿੱਚ ਪੂਰਾ ਭਾਅ ਨਹੀਂ ਮਿਲ ਰਿਹਾ। ਇਸ ਦਾ ਮੁੱਖ ਕਾਰਨ ਮੰਡੀਆਂ ਵਿੱਚ ਜੰਗਲੀ ਸੂਰ ਦੀ ਵਿਕਰੀ ਦਾ ਵਧਣਾ ਹੈ। ਊਨ੍ਹਾਂ ਦੱਸਿਆ ਕਿ ਜੰਗਲੀ ਸੂਰਾਂ ਰਾਹੀਂ ਹੀ ਚੀਨ ਤੋਂ ਆਇਆ ਵਾਇਰਸ ਅਫਰੀਕਨ ਸਵਾਇਨ ਫੀਵਰ ਉਨ੍ਹਾਂ ਦੇ ਸੂਰਾਂ ਵਿੱਚ ਫੈਲਣ ਦਾ ਡਰ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਜਲਦੀ ਹਰਕਤ ਵਿੱਚ ਨਾ ਆਈ ਤਾਂ ਇਹ ਲਾ-ਇਲਾਜ ਵਾਇਰਸ ਸੂਬੇ ਦੇ ਸੂਰ ਪਾਲਕਾਂ ਵੱਡਾ ਆਰਥਿਕ ਝਟਕਾ ਦੇ ਸਕਦਾ ਹੈ। ਸ੍ਰੀ ਗਰੇਵਾਲ ਨੇ ਦੱਸਿਆ ਕਿ ਮਿਲੀਆਂ ਰਿਪੋਰਟਾਂ ਅਨੁਸਾਰ ਇਹ ਵਾਇਰਸ ਪਸ਼ੂਆਂ ਦੇ ਚਿੱਚੜਾਂ ਤੋਂ ਪੈਦਾ ਹੋ ਕੇ ਸੂਰਾਂ ਵਿੱਚ ਫੈਲਦਾ ਹੈ। ਉਨ੍ਹਾਂ ਮੰਨਿਆ ਕਿਹਾ ਘਰੇਲੂ ਬਿਮਾਰੀ ਸਵਾਇਨ ਫੀਵਰ ਦਾ ਤਾਂ ਦਵਾਈਆਂ ਆਦਿ ਨਾਲ ਇਲਾਜ ਕੀਤਾ ਜਾ ਸਕਦਾ ਹੈ ਪਰ ਇਸ ਇਸ ਵਾਇਰਸ ਤੋਂ ਪ੍ਰਭਾਵਿਤ ਜਾਨਵਰ ਨੂੰ ਤਾਂ ਮਾਰ ਕੇ ਜ਼ਮੀਨ ਹੇਠ ਦੱਬਣਾ ਪੈਂਦਾ ਹੈ।
ਬਾਇਓਸਕਿਊਰਿਟੀ ਨਾਲ ਹੀ ਕੀਤਾ ਜਾ ਸਕਦੈ ਬਚਾਅ: ਡਾ. ਵਰਮਾ
ਗਡਵਾਸੂ ਦੇ ਮਾਹਿਰ ਡਾ. ਐੱਚਕੇ ਵਰਮਾ ਨੇ ਕਿਹਾ ਕਿ ਇਸ ਵਾਇਰਸ ਦਾ ਇੱਕੋ-ਇੱਕ ਬਚਾਅ ਬਾਇਓਸਕਿਊਰਿਟੀ ਹੈ। ਆਪਣੇ ਸੂਰਾਂ ਕੋਲ ਕਿਸੇ ਓਪਰੇ ਕਾਮੇ, ਜਾਨਵਰ ਅਤੇ ਵਾਹਨ ਨੂੰ ਜਾਣ ਨਾ ਦਿਓ। ਇਹ ਬਿਮਾਰੀ ਜੰਗਲੀ ਸੂਰਾਂ ਤੋਂ ਚਿੱਚੜਾਂ ਰਾਹੀਂ ਪਾਲਤੂ ਸੂਰਾਂ ਵਿੱਚ ਚਲੀ ਜਾਂਦੀ ਹੈ। ਇਹ ਵਾਇਰਸ ਨਾਰਥ-ਈਸਟ ਵਿੱਚ ਦੇਖਣ ਨੂੰ ਮਿਲਿਆ ਹੈ। ਬੁਖਾਰ, ਖੂਨੀ ਮੌਕ ਆਦਿ ਇਸ ਦੇ ਮੁੱਖ ਲੱਛਣ ਹਨ।