ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੂਨ
ਉੱਤਰ ਭਾਰਤ ’ਚ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਸਨਅਤੀ ਸ਼ਹਿਰ ਵਿੱਚ ਪਿਛਲੇ ਦੋ ਤਿੰਨ ਦਿਨ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ। ਹੁਣ ਤਾਪਮਾਨ 44 ਡਿਗਰੀ ਤੋਂ ਪਾਰ ਹੋ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 44 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲ ਹੋ ਰਹੀ ਹੈ। ਗਰਮੀ ਕਾਰਨ ਸਾਰਾ ਦਿਨ ਲੂ ਚਲਦੀ ਹੈ। ਦੁਪਹਿਰ ਦੇ ਸਮੇਂ 12 ਤੋਂ ਚਾਰ ਵਜੇ ਤੱਕ ਸੂਰਜ ਦੇਵਤਾ ਨੇ ਆਪਣਾ ਭਿਆਨਕ ਰੂਪ ਦਿਖਾਇਆ। ਅੱਜ ਸਵੇਰੇ ਅੱਠ ਵਜੇ ਪਾਰਾ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਵਧਣ ਦੇ ਆਸਾਰ ਹਨ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਲੁਧਿਆਣਾ ’ਚ ਮੌਸਮ ਖੁਸ਼ਕ ਰਹੇਗਾ ਤੇ ਤੇਜ਼ ਧੁੱਪ ਨਿਕਲੇਗੀ, ਜਿਸ ਨਾਲ ਤਾਪਮਾਨ ਵਿੱਚ ਵਾਧਾ ਹੋਵੇਗਾ। ਤਾਪਮਾਨ ਆਉਣ ਵਾਲੇ ਦਿਨਾਂ ਵਿੱਚ 44 ਡਿਗਰੀ ਤੱਕ ਹੀ ਰਹਿਣ ਦੇ ਆਸਾਰ ਹਨ।
ਉਧਰ, ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਭਿਆਨਕ ਗਰਮੀ ਦੇ ਵਿੱਚ ਬਿਜਲੀ ਦੇ ਕੱਟ ਲੱਗਣ ਨਾਲ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਿੱਚ ਰੋਜ਼ਾਨਾ 4 ਤੋਂ 5 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਲੁਧਿਆਣਾ ’ਚ ਜ਼ਿਆਦਾਤਰ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ।