ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਜਨਵਰੀ
ਇੱਥੇ 14 ਤੇ 15 ਮਈ 2014 ਦੀ ਦਰਮਿਆਨੀ ਰਾਤ ਨੂੰ ਰੇਲਵੇ ਰੋਡ ’ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਸ਼ਿਮਲਾ ਦੇਵੀ ਦਾ ਭੇਦਭਰੇ ਹਾਲਾਤ ਵਿੱਚ ਕਤਲ ਹੋ ਗਿਆ ਸੀ। ਕਤਲ ਵਾਲੀ ਰਾਤ ਘਰ ਵਿੱਚ ਦੋਵਾਂ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੀ ਦੋਹਤੀ ਸ਼ਗੁਨ ਗੁਪਤਾ ਵੀ ਮੌਜੂਦ ਸੀ,ਜੋ ਛੁੱਟੀਆਂ ਕੱਟਣ ਲਈ ਆਈ ਹੋਈ ਸੀ । ਕਤਲ ਦੀ ਜਾਂਚ ਕਰ ਰਹੀ ਜਗਰਾਉਂ ਪੁਲੀਸ ਦੇ ਹੱਥ ਪੱਲੇ ਕੁੱਝ ਨਾਂ ਆਉਣ ਕਾਰਨ ਸੁਰੇਸ਼ ਗੋਇਲ ਦੇ ਪਰਿਵਾਰਿਕ ਮੈਂਬਰਾਂ ਨੇ ਜਾਂਚ ਸੀਬੀਆਈ ਨੂੰ ਸੌਂਪਣ ਲਈ ਹਾਈ ਕੋਰਟ ਦਾ ਦਰਵਾਜ਼ਾ ਖਟਾਇਆ ਸੀ। ਪਹਿਲਾਂ ਵੀ ਪੁਲੀਸ ਨੇ ਇੱਕ ਸਕੈੱਚ ਜਾਰੀ ਕੀਤਾ ਸੀ,ਉਸ ਨਾਲ ਮੇਲ ਖਾਂਦਾ ਇੱਕ ਸਕੈੱਚ ਹੁਣ ਸੀਬੀਆਈ ਨੇ ਜਾਰੀ ਕਰਦਿਆਂ ਮੁਲਜ਼ਮ ਦੀ ਜਾਣਕਾਰੀ ਦੇਣ ਵਾਲੇ ਲਈ 2 ਲੱਖ ਦਾ ਨਕਦ ਇਨਾਮ ਵੀ ਰੱਖਿਆ ਹੈ। ਸੱਤ ਸਾਲ ਬਾਅਦ ਸੀਬੀਆਈ ਵੱਲੋਂ ਇਸ਼ਤਿਹਾਰ ਜਾਰੀ ਕਰਨ ਨੂੰ ਲੈ ਕੇ ਸ਼ਹਿਰ ’ਚ ਚਰਚਾ ਛਿੜ ਗਈ ਹੈ ਕਿ ਆਖਰ ਕਦੋਂ ਸੀਬੀਆਈ ਇਸ ਅੰਨ੍ਹੇ ਦੋਹਰੇ ਕਤਲ ਤੋਂ ਪਰਦਾ ਉਠਾਏਗੀ ।
ਹੈਪੀ ਦੀ ਮੌਤ ਦਾ ਰਹੱਸ ਜਾਰੀ
ਜਗਰਾਉਂ: ਲੰਘੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਭੇਦ-ਭਰੇ ਹਾਲਾਤ ਵਿੱਚ ਇੱਥੇ ਮਲਕ ਰੋਡ ’ਤੇ ਸਟੂਡੀਓ ਦੇ ਕਮਰੇ ਵਿੱਚੋਂ ਦੋ ਨੌਜਵਾਨਾਂ ਦੇ ਪਹਿਲਾਂ ਨੀਮ ਬੇਹੋਸ਼ੀ ਦੀ ਹਾਲਤ’ ਚ ਪਏ ਮਿਲਣਾ ਅਤੇ ਬਾਅਦ ’ਚ ਇੱਕ ਦੀ ਮੌਤ ਹੋ ਜਾਣ ਦਾ ਮਾਮਲਾ ਭੇਦ ਬਣਿਆ ਹੋਇਆ ਹੈ। ਪੁਲੀਸ ਅਧਿਕਾਰੀ ਨਿਧਾਨ ਸਿੰਘ ਵਿਰਕ ਅਨੁਸਾਰ ਹੈਪੀ ਜੋ ਕਿ ਪਿੰਡ ਸਵੱਦੀ ਕਲ੍ਹਾਂ ਦਾ ਰਹਿਣ ਵਾਲਾ ਸੀ ਦੀ ਲਾਸ਼ ਮਿਲਣ ਸਮੇਂ ਮੂੰਹ ਵਿੱਚੋਂ ਝੱਗ ਵੱਗ ਰਹੀ ਸੀ । ਉਸ ਦੇ ਸਾਥੀ ਨੌਜਵਾਨ ਦੇ ਵੀ ਉਹੀ ਹਾਲਾਤ ਸਨ ਪ੍ਰੰਤੂ ਉਸ ਨੂੰ ਨੇੜਲੇ ਗੁਪਤਾ ਹਸਪਤਾਲ ਵਿੱਚ ਲੈ ਜਾਣ ਕਾਰਨ, ਉਹ ਖਤਰੇ ਤੋਂ ਬਾਹਰ ਹੈ। ਹੈਪੀ ਦਾ ਸਾਥੀ ਘਟਨਾ ਬਾਰੇ ਅਜੇ ਤੱਕ ਕੁੱਝ ਵੀ ਦੱਸ ਨਹੀਂ ਰਿਹਾ। ਹੈਪੀ ਦਾ ਸਥਾਨਕ ਸਿਵਲ ਹਸਪਤਾਲ ਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਸੀ ਤੇ ਸਸਕਾਰ ਵੀ ਹੋ ਗਿਆ । ਹਸਪਤਾਲ ਦੇ ਅਮਲੇ ਮੁਤਾਬਿਕ ਹੈਪੀ ਦੇ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। -ਪੱਤਰ ਪ੍ਰੇਰਕ