ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਜੁਲਾਈ
ਥਾਣਾ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਨਿਰੰਕਾਰੀ ਮੁਹੱਲਾ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਇਕ ਝਗੜੇ ਦੌਰਾਨ ਕੁਝ ਲੋਕਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਿਰੰਕਾਰੀ ਮੁਹੱਲਾ ਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਸਾਹਮਣੇ ਕਿਰਾਏ ’ਤੇ ਰਹਿੰਦੇ ਹੀਰਾ ਲਾਲ ਨੂੰ ਆਈਸਕ੍ਰੀਮ ਵੇਚਣ ਵਾਲੇ ਵਿਅਕਤੀ ਨੂੰ 100 ਰੁਪਏ ਦੇਣ ਲਈ ਕਿਹਾ ਜੋ ਉਸ ਨੇ ਬਾਅਦ ਵਿੱਚ ਵਾਪਸ ਕਰਨੇ ਸਨ ਪਰ ਹੀਰਾ ਲਾਲ ਨੇ ਉਸ ਨਾਲ ਬਦਤਮੀਜ਼ੀ ਕੀਤੀ। ਜਦੋਂ ਉਹ ਘਰੋਂ ਬਾਹਰ ਆਇਆ ਤਾਂ ਉਸ ਨੇ ਆਪਣੇ ਮਕਾਨ ਮਾਲਕ ਸਰੂਪ ਸਿੰਘ, ਉਸ ਦੇ ਲੜਕੇ ਮਨੀ, ਭਤੀਜੇ ਹਨੀ ਅਤੇ 5-7 ਜਣਿਆਂ ਨੂੰ ਹੋਰ ਬੁਲਾ ਕੇ ਉਹਦੇ ਉੱਪਰ ਹਮਲਾ ਕਰ ਦਿੱਤਾ ਅਤੇ ਰਿਵਾਲਵਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਭੱਜ ਕੇ ਜਾਨ ਬਚਾਈ। ਜਦੋਂ ਉਸ ਦੀ ਪਤਨੀ ਬਾਹਰ ਆਈ ਤਾਂ ਮੁਲਜ਼ਮਾਂ ਨੇ ਭੱਦੀ ਸ਼ਬਦਾਵਲੀ ਵਰਤੀ ਅਤੇ ਲੋਕਾ ਦਾ ਇਕੱਠ ਹੁੰਦਾ ਵੇਖਕੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਸ਼ੌਕੀਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।