ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਪਰੈਲ
ਸਨਅਤੀ ਸ਼ਹਿਰ ਦੀ ਲਾਈਫ਼ ਲਾਈਨ ਕਹੇ ਜਾਣ ਵਾਲੇ ਜਗਰਾਉਂ ਪੁਲ ਨੂੰ ਚੂਹਿਆਂ ਨੇ ਖੋਖਲਾ ਕਰ ਦਿੱਤਾ ਹੈ। ਪੁਲ ਦੀ ਹਾਲਤ ਫਿਰ ਦੁਬਾਰਾ ਖਰਾਬ ਹੁੰਦੀ ਜਾ ਰਹੀ ਹੈ। ਜਗਰਾਉਂ ਪੁਲ ’ਤੇ ਬਣਿਆ ਫੁੱਟਪਾਥ ਅਚਾਨਕ ਧਸ ਗਿਆ। ਪੁਲ ਦੇ ਠੀਕ ਉਪਰ ਫੁੱਟਪਾਥ ’ਤੇ ਇੱਕ ਜਗ੍ਹਾਂ 3 ਫੁੱਟ ਚੌੜਾ, 3 ਫੁੱਟ ਡੂੰਘਾ ਖੱਡਾ ਬਣ ਗਿਆ। ਇਸ ਪੁਲ ਤੋਂ ਰੋਜ਼ਾਨਾ ਹਜ਼ਾਰਾਂ ਛੋਟੇ ਤੇ ਵੱਡੇ ਵਾਹਨ ਲੰਘਦੇ ਹਨ। ਪੁਲ ਦਾ ਫੁੱਟਪਾਥ ਧੱਸਣ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਅਧਿਕਾਰੀਆਂ ਮੌਕਾ ਦੇਖਣ ਪੁੱਜ ਗਏ। ਪੜਤਾਲ ਤੋਂ ਬਾਅਦ ਅਧਿਕਾਰੀਆਂ ਨੇ ਇਸਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਦਰਅਸਲ, 2015 ਵਿੱਚ ਵੀ ਜਗਰਾਉਂ ਪੁਲ ਦੀ ਰਿਟਰੇਨਿੰਗ ਵਾਲ ਵਿੱਚੋਂ ਵੀ ਇਸੇ ਤਰ੍ਹਾਂ ਚੂਹਿਆਂ ਨੇ ਮਿੱਟੀ ਕੱਢ ਦਿੱਤੀ ਸੀ। ਜਿਸ ਤੋਂ ਬਾਅਦ ਉਸਦੀ ਰਿਪੇਅਰ ਕਰਵਾਉਣੀ ਪਈ ਸੀ। ਉਸੇ ਤਰ੍ਹਾਂ ਇਸ ਵਾਰ ਫਿਰ ਜਗਰਾਉਂ ਪੁਲ ਦੇ ਉਪਰ ਫੁੱਟਪਾਥ ਦੇ ਅੰਦਰੋਂ ਮਿੱਟੀ ਕੱਢ ਕੇ ਚੂਹਿਆਂ ਨੇ ਸਾਈਡ ’ਤੇ ਢੇਰ ਲਾ ਦਿੱਤਾ ਹੈ। ਜੇਕਰ ਰਿਟੇਨਿੰਗ ਵਾਲ ਦੀ ਮਿੱਟੀ ਚੂਹੇ ਇਸੇ ਤਰ੍ਹਾਂ ਕੱਢਦੇ ਰਹੇ ਤਾਂ ਆਉਣ ਵਾਲੇ ਸਮੇਂ ’ਚ ਇਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਫੁੱਟਪਾਥ ਦੀ ਮੁਰੰਮਤ ਦੇ ਨਾਲ ਪੁਲ ਦੀ ਰਿਟੇਨਿੰਗ ਵਾਲ ਦੀ ਮੁਰੰਮਤ ਵੀ ਕਰਨੀ ਪਵੇਗੀ। ਪੁਲ ਦੇ ਜਿਸ ਹਿੱਸੇ ਦੀ ਰਿਟੇਨਿੰਗ ਵਾਲ ਤੋਂ ਚੂਹਿਆਂ ਨੇ ਮਿੱਟੀ ਕੱਢੀ ਹੈ, ਉਸ ਕੋਲ ਰੇਲਵੇ ਲਾਈਨ ਵੀ ਲੰਘਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਰੇਲਵੇ ਲਾਈਨ ਦੇ ਕੋਲ ਵੱਡੀ ਗਿਣਤੀ ’ਚ ਚੂਹੇ ਘੰਮਦੇ ਰਹਿੰਦੇ ਹਨ ਤੇ ਉੱਥੇ ਹੀ ਆਪਣਾ ਘਰ ਬਣਾ ਲੈਂਦੇ ਹਨ। ਜਗਰਾਉਂ ਪੁਲ ਦੀ ਰਿਟੇਨਿੰਗ ਵਾਲ ’ਚ ਇਨ੍ਹਾਂ ਚੂਹਿਆਂ ਨੇ ਬਿੱਲ ਬਣਾ ਦਿੱਤੇ ਹਨ। ਸਾਲਾਂ ਪੁਰਾਣੇ ਇਸ ਪੁਲ ਦੇ ਤਿੰਨ ਮੁੱਖ ਪੁਆਇੰਟ ਹਨ। ਪਹਿਲਾਂ ਦੁਰਗਾ ਮਾਤਾ ਮੰਦਰ ਤੋਂ ਪੁਲ ’ਤੇ ਜਾਂਦਾ ਹੈ, ਦੂਜਾ ਵਿਸ਼ਵਕਰਮਾ ਚੌਕ ਤੇ ਤੀਸਰਾ ਜਲੰਧਰ ਬਾਈਪਾਸ ਦੇ ਵੱਲੋਂ ਪੁਲ ’ਤੇ ਜਾ ਸਕਦੇ ਹਾਂ। ਉਧਰ, ਸਿਵਲ ਇੰਜਨੀਅਰ ਕਪਿਲ ਅਰੋੜਾ ਦਾ ਕਹਿਣਾ ਹੈ ਕਿ ਜਗਰਾਉਂ ਪੁਲ ਦਾ ਇਹ ਹਿੱਸਾ ਆਪਣੀ ਮਿਆਦ ਪੂਰੀ ਕਰ ਚੁੱਕਿਆ ਹੈ, ਜੇਕਰ ਇਸਨੂੰ ਬਚਾਉਣਾ ਹੈ ਤਾਂ ਇਸ ’ਤੇ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ। ਆਰਸੀਸੀ ਦੀ ਰਿਟੇਨਿੰਗ ਵਾਲ ਤਿਆਰ ਕਰ ਇਸਨੂੰ ਮਜ਼ਬੂਤ ਕਰਨਾ ਪਵੇਗਾ। ਇਸ ਨਾਲ ਚੂਹੇ ਰਿਟੇਨਿੰਗ ਵਾਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ।