ਪੱਤਰ ਪ੍ਰੇਰਕ
ਜਗਰਾਉਂ, 21 ਜੂਨ
ਨਸ਼ੇੜੀਆਂ, ਲੁਟੇਰਿਆਂ ਦਾ ਦਬਦਬਾ ਇਸ ਕਦਰ ਵੱਧ ਗਿਆ ਹੈ ਕਿ ਬੀਤੇ ਕੱਲ ਦੇਰ ਸ਼ਾਮ ਨੂੰ ਮੋਟਰਸਾਈਕਲ ਸਵਾਰ ਆਪਣੇ ਘਰ ਦੇ ਦਰਵਾਜ਼ੇ ’ਚ ਖੜ੍ਹੀ ਔਰਤ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਪੀੜਤ ਇੰਦਰਜੀਤ ਕੌਰ ਮੁਹੱਲਾ ਬਲੋਚਾਂ (ਸ਼ਹਿਰ ਜਗਰਾਉਂ) ਨੇ ਦੱਸਿਆ ਕਿ ਉਹ ਇੱਕ ਘਰੇਲੂ ਔਰਤ ਹੈ ਬੀਤੇ ਦਿਨ ਸ਼ਾਮ ਨੂੰ ਕਰੀਬ 8:35 ਦੇ ਆਸ-ਪਾਸ ਉਹ ਘਰ ਦਾ ਕੰਮ ਨਿਬੇੜ ਕੇ ਆਪਣੇ ਹੀ ਘਰ ਦੇ ਮੁੱਖ ਦਰਵਾਜ਼ੇ ’ਚ ਖੜ੍ਹੀ ਸੀ। ਇੰਨੇ ਨੂੰ ਇੱਕ ਨੌਜਵਾਨ ਪੈਦਲ ਹੀ ਉਸ ਵੱਲ ਵਧਿਆ ਤੇ ਉਸ ਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਦੋ ਕਿਸਮ ਦੀਆਂ ਛੋਟੀਆਂ ਅਤੇ ਵੱਡੀਆਂ ਵਾਲੀਆਂ ਲਾਹ ਕੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨਾਲ ਬੈਠ ਕੇ ਮੁਹੱਲਾ ਬਲੋਚਾਂ ਤੋਂ ਪ੍ਰਤਾਪ ਮੁਹੱਲੇ ਵੱਲ ਨੂੰ ਨਿਕਲ ਗਏ। ਅਚਾਨਕ ਵਾਪਰੀ ਘਟਨਾ ਤੋਂ ਸਹਿਮੀ ਇੰਦਰਜੀਤ ਕੌਰ ਜਦੋਂ ਨੂੰ ਸੰਭਲੀ ਤਾਂ ਉਹ ਦੂਰ ਜਾ ਚੁੱਕੇ ਸਨ। ਉਸ ਨੇ ਦੱਸਿਆ ਕਿ ਦੋਵਾਂ ਜੋੜੀ ਵਾਲੀਆਂ ਦਾ ਵਜ਼ਨ 7 ਗ੍ਰਾਮ ਸੀ।