ਰਾਮ ਗੋਪਾਲ ਰਾਏਕੋਟੀ
ਰਾਏਕੋਟ, 18 ਅਕਤੂਬਰ
ਰਾਏਕੋਟ ਸ਼ਹਿਰ ਵਿੱਚ ਸੀਵਰੇਜ ਬੋਰਡ ਵੱਲੋਂ ਵਿਛਾਈ ਜਾ ਰਹੀ ਸੀਵਰੇਜ ਲਾਈਨ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਪਾਉਣ ਦੀ ਮੱਠੀ ਰਫਤਾਰ ਅਤੇ ਹਰ ਪਾਸੇ ਫੈਲੀ ਮਿੱਟੀ ਕਾਰਨ ਇਲਾਕਾ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਤੋਂ ਜਗਰਾਓਂ ਜਾਂਦੇ ਰੋਡ ’ਤੇ ਹਾਲਾਂਕਿ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਿਆ ਹੈ, ਪਰ ਸੜਕ ’ਤੇ ਪਏ ਟੋਏ ਅਤੇ ਫੈਲੀ ਮਿੱਟੀ ਕਾਰਨ ਇਲਾਕੇ ਦੇ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਹੋਈ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਸੜਕ ’ਤੇ ਚਿੱਕੜ ਹੀ ਚਿੱਕੜ ਦਿਖਾਈ ਦੇ ਰਿਹਾ ਹੈ। ਇਸ ਕਾਰਨ ਬਰਨਾਲਾ ਚੌਕ ਤੋਂ ਸ਼ਹਿਰ ਨੂੰ ਆਉਣ ਵਾਲੀ ਇਸ ਪ੍ਰਮੁੱਖ ਸੜਕ ’ਤੇ ਆਵਾਜਾਈ ਲਗਪਗ ਬੰਦ ਹੋ ਚੁੱਕੀ ਹੈ, ਜਿਸ ਕਾਰਨ ਇਸ ਸੜਕ ’ਤੇ ਸਥਿਤ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋਣ ਕੰਢੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਸ ਰੋਡ ’ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ, ਉਨ੍ਹਾਂ ਦਾ ਕਾਰੋਬਾਰ ਲਗਪਗ ਠੱਪ ਹੋ ਚੁੱਕਿਆ ਹੈ, ਕਿਉਂਕਿ ਪਹਿਲਾਂ ਤਾਂ ਇਸ ਰੋਡ ਨੂੰ ਪੁੱਟੇ ਜਾਣ ਕਾਰਨ ਹਰ ਪਾਸੇ ਮਿੱਟੀ ਅਤੇ ਧੂੜ ਉੱਡਦੀ ਹੋਣ ਕਾਰਨ ਲੋਕਾਂ ਦਾ ਇੱਥੋਂ ਲੰਘਣਾ ਔਖਾ ਸੀ, ਹੁਣ ਥੋੜ੍ਹੇ ਜਿਹੇ ਮੀਂਹ ਨਾਲ ਹੀ ਸਾਰੇ ਪਾਸੇ ਚਿੱਕੜ ਫੈਲ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਸੀਵਰੇਜ ਬੋਰਡ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਇਸ ਸੜਕ ਨੂੰ ਛੇਤੀ ਤੋਂ ਛੇਤੀ ਬਣਾ ਕੇ ਇਲਾਕਾ ਨਿਵਾਸੀਆਂ ਨੂੰ ਰਾਹਤ ਦਿੱਤੀ ਜਾਵੇ।