ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਫਰਵਰੀ
ਇੱਥੇ ਲਕਸ਼ਮੀ ਨਗਰ ਵਾਸੀ ਅਭਿਸ਼ੇਕ ਦੀ ਤੇਜ਼ ਰਫ਼ਤਾਰ ਟਰੱਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਮੌਤ ਹੋ ਗਈ, ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਕੰਮ ਉੱਪਰ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਮੁਲਜ਼ਮ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਿਕ ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਮਾਮਲੇ ’ਚ ਅਣਪਛਾਤੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰ ਲਿਆ। ਪੁਲੀਸ ਨੇ ਅਭਿਸ਼ੇਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਅਭਿਸ਼ੇਕ ਦੇ ਭਰਾ ਅਨਿਲ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ। ਇੱਥੇ ਉਹ ਮਾਰਕਟਿੰਗ ਦੇ ਕੰਮ ਦੀ ਟ੍ਰੇਨਿੰਗ ਕਰ ਰਿਹਾ ਸੀ। ਮੰਗਲਵਾਰ ਦੀ ਸਵੇਰੇ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਹ ਓਸਵਾਲ ਰੋਡ ਕੋਲ ਪੁੱਜਿਆ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਹ ਹੇਠ ਡਿੱਗ ਗਿਆ। ਇਸ ਦੌਰਾਨ ਟਰੱਕ ਚਾਲਕ ਨੇ ਜਦੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਭਰਾ ਦਾ ਸਿਰ ਟਰੱਕ ਹੇਠਾਂ ਦਰੜਿਆ ਗਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲੀਸ ਨੇ ਟਰੱਕ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਘਟਨਾ ਦੇ ਡੇਢ ਘੰਟੇ ਬਾਅਦ ਵੀ ਪੁਲੀਸ ਮੌਕੇ ’ਤੇ ਨਹੀਂ ਪੁੱਜੀ ਤਾਂ ਸ਼ੇਰਪੁਰ ਚੌਕੀ ਜਾ ਕੇ ਉਹ ਪੁਲੀਸ ਨੂੰ ਲੈ ਕੇ ਆਏ। ਸ਼ੇਰਪੁਰ ਚੌਕੀ ਦੇ ਏਐੱਸਆਈ ਓਂਕਾਰ ਸਿੰਘ ਨੇ ਘਟਨਾ ਦਾ ਜਾਇਜ਼ਾ ਲੈ ਕੇ ਕੇਸ ਦਰਜ ਕਰ ਲਿਆ ਹੈ।