ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਸਤੰਬਰ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਅਤੇ ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਮੁਜ਼ੱਫ਼ਰਨਗਰ ਦੀ ਮਹਾਂ ਪੰਚਾਇਤ ਤੋਂ ਵਾਪਸ ਪਰਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੌਸਲੇ ਪਹਿਲਾਂ ਨਾਲੋਂ ਵੀ ਵਧੇਰੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਗੋਦੀ ਮੀਡੀਆ ਦੇ ਉਸ ਝੂਠ ਦਾ ਵੀ ਪਰਦਾਫਾਸ਼ ਹੋ ਗਿਆ ਹੈ, ਜਿਹੜੇ ਲਗਾਤਾਰ ਇਹ ਪ੍ਰਚਾਰਨ ਲੱਗੇ ਸਨ ਕਿ ਕਿਸਾਨ ਘੋਲ ਮੱਠਾ ਪੈ ਗਿਆ ਹੈ ਅਤੇ ਇਹ ਕੇਵਲ ਪੰਜਾਬ ਅਤੇ ਹਰਿਆਣਾ ਤੱਕ ਹੀ ਸੀਮਤ ਹੈ। ਮੁਜ਼ੱਫ਼ਰਨਗਰ ਵਿਚ ਲੱਖਾਂ ਲੋਕਾਂ ਦੇ ਇਕੱਠ ਨੇ ਮੋਦੀ ਅਤੇ ਯੋਗੀ ਸਰਕਾਰ ਦੀਆ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਧਰਨਾਕਾਰੀਆਂ ਦੀ ਅਗਵਾਈ ਅਮਨਦੀਪ ਕੌਰ, ਮਹਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ।
ਜਮਹੂਰੀ ਕਿਸਾਨ ਸਭਾ ਦੀ ਆਗੂ ਰਾਜਿੰਦਰ ਕੌਰ, ਅਮਰੀਕ ਸਿੰਘ ਜੜਤੌਲੀ, ਮਲਕੀਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮਨਜੀਤ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਗੁਰਜੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਇਹ ਕਿਸਾਨੀ ਘੋਲ ਕਾਰਪੋਰੇਟ ਘਰਾਣਿਆਂ ਦੀ ਭਾਰਤ ਵਿਚ ਲੁੱਟ ਖ਼ਤਮ ਕਰਨ ਨਾਲ ਹੀ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਮੁਜ਼ੱਫ਼ਰਨਗਰ ਵਿਚ ਸਭ ਧਰਮਾਂ ਦੇ ਲੋਕਾਂ ਦੇ ਹਜ਼ੂਮ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੀ ਤੋੜਨ ਦੀ ਰਾਜਨੀਤੀ ਦਾ ਮੁਕਾਬਲਾ ਹੁਣ ਕਿਸਾਨਾਂ ਮਜ਼ਦੂਰਾਂ ਦੀ ਸਮਾਜ ਨੂੰ ਜੋੜਨ ਦੀ ਨੀਤੀ ਨਾਲ ਹੋਵੇਗਾ।
ਦਿੱਲੀ ਮੋਰਚੇ ’ਤੇ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ
ਸਮਰਾਲਾ (ਪੱਤਰ ਪ੍ਰੇਰਕ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੀ ਦਿੱਲੀ ਬਾਰਡਰਾਂ ’ਤੇ ਗਿਣਤੀ ਮੁੜ ਵਧਣੀ ਸ਼ੁਰੂ ਹੋ ਗਈ ਹੈ ਅਤੇ ਹਜ਼ਾਰਾਂ ਹੀ ਕਿਸਾਨ ਹਰ ਰੋਜ਼ ਮੋਰਚੇ ਵਾਲੀ ਥਾਂ ’ਤੇ ਪੁੱਜ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਿੰਘੂ ਬਾਰਡਰ ਮੁੱਖ ਦਫ਼ਤਰ ਤੋਂ ਅੱਜ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਜਥੇਬੰਦੀਆਂ ਦੇ ਜੂਝਾਰੂਆਂ ਦੀ ਸ਼ਮੂਲੀਅਤ ਲਗਾਤਾਰ ਮੋਰਚੇ ਨੂੰ ਸਫਲ ਬਣਾਉਣ ਵਲ ਰੁਝੀ ਹੋਈ ਹੈ। ਜਥੇਬੰਦੀ ਦੇ ਆਗੂਆਂ ਪ੍ਰਗਟ ਸਿੰਘ ਕੋਟ ਪਨੈਚ, ਬਲਦੇਵ ਸਿੰਘ ਬੱਲ ਅਤੇ ਹਰਦੀਪ ਸਿੰਘ ਘੁਨਕਡੀ ਨੇ ਦੱਸਿਆ ਕਿ ਅੰਦੋਲਨ ਵਿਚ ਹਿੱਸਾ ਲੈਣ ਲਈ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਆ ਰਹੇ ਹਨ ਤੇ ਮੁੱਖ ਪੰਡਾਲ ਵਿੱਚੋਂ ਸਰਗਰਮੀਆਂ ’ਚ ਭਾਗ ਲੈ ਰਹੇ ਹਨ।
ਜਗਰਾਉਂ ਤੇ ਚੌਕੀਮਾਨ ਵਿੱਚ ਧਰਨੇ ਜਾਰੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਕਰਨਾਲ ਕਾਂਡ ਤੇ ਮੋਗਾ ਕਾਂਡ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਚੌਕੀਮਾਨ ਕਿਸਾਨ ਮੋਰਚੇ ’ਚ ਭਲਕੇ ਦੀ ਕਰਨਾਲ ਮਹਾਪੰਚਾਇਤ ਤੋਂ ਪਹਿਲਾਂ ਖੱਟਰ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਤਾਲਿਬਾਨੀ ਕਰਾਰ ਦਿੱਤਾ ਗਿਆ। ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਸ਼ਾਹਰਾਹ ਸਥਿਤ ਚੌਕੀਮਾਨ ਟੌਲ ’ਤੇ ਕਿਸਾਨ ਧਰਨੇ ’ਚ ਬੁਲਾਰਿਆਂ ਨੇ ਕਿਹਾ ਕਿ ਮੁਜ਼ੱਫਰਨਗਰ ਦੀ ਮਹਾਪੰਚਾਇਤ ਨੇ ਕੇਂਦਰ ਦੀ ਭਾਜਪਾ ਸਰਕਾਰ ਸਮੇਤ ਇਸੇ ਪਾਰਟੀ ਦੀਆਂ ਸੂਬਾ ਸਰਕਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਭਾਜਪਾ ਨੂੰ ਹੁਣ ਯੂਪੀ ਹੱਥੋਂ ਜਾਂਦੀ ਦਿਸਣ ਲੱਗ ਪਈ ਹੈ। ਮੋਦੀ, ਯੋਗੀ ਤੇ ਖੱਟਰ ਸਰਕਾਰਾਂ ਹੋਰ ਬੱਜਰ ਗਲਤੀਆਂ ਕਰਨ ਵੱਲ ਵਧ ਰਹੀਆਂ ਹਨ ਜਿਸ ਦਾ ਖਮਿਆਜ਼ਾ ਇਨ੍ਹਾਂ ਨੂੰ ਭੁਗਤਣਾ ਪਵੇਗਾ।