ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਮਾਰਚ
ਲੰਮੇਂ ਸਮੇਂ ਤੋਂ ਪਿੰਡ ਰੋਹਣੋਂ ਖੁਰਦ ’ਚ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਪਿੰਡ ਵਾਸੀ ਹਰਮੇਸ਼ ਸਿੰਘ ਨੇ ਦੱਸਿਆ ਕਿ ਗਲੀਆਂ ਵਿਚ ਬਦਬੂ ਮਾਰਦਾ ਗੰਦਾ ਪਾਣੀ ਹਰ ਸਮੇਂ ਜਮ੍ਹਾਂ ਰਹਿੰਦਾ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਪਾਣੀ ਵਿਚ ਮੱਛਰ-ਮੱਖੀਆਂ ਫੈਲ ਰਹੀਆਂ ਹਨ, ਜਿਸ ਨਾਲ ਹਰ ਸਮੇਂ ਕਿਸੇ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਸਰਪੰਚ ਨਛੱਤਰ ਕੌਰ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਉਹ ਕਹਿੰਦੇ ਹਨ ਕਿ ਪਿੰਡ ਦੇ ਪੁਰਾਣੇ ਸਰਪੰਚ ਨਾਲ ਗੱਲ ਕਰੋ। ਇਸ ਸਬੰਧੀ ਬੀਡੀਪੀਓ ਰਾਜਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਰੋਹਣੋਂ ਖ਼ੁਰਦ ਵਿਚ ਗੰਦੇ ਪਾਣੀ ਦਾ ਕੋਈ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ ਪਰ ਫ਼ਿਰ ਵੀ ਉਹ ਇਸ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਉਣਗੇ। ਇਸ ਮੌਕੇ ਹਰਭਜਨ ਸਿੰਘ, ਕੇਵਲ ਸਿੰਘ, ਬੂਟਾ ਸਿੰਘ, ਵਰਿੰਦਰ ਸਿੰਘ, ਭਜਨ ਕੌਰ, ਮਲਕੀਤ ਕੌਰ ਆਦਿ ਹਾਜ਼ਰ ਸਨ।