ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਜਨਵਰੀ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਹੇਠ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਗ਼ਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਕਮੇਟੀ ਲਲਤੋਂ ਖ਼ੁਰਦ ਵੱਲੋਂ ਮਹਾਨ ਗ਼ਦਰੀ ਦੇਸ਼ ਭਗਤ ਅਤੇ ਕਿਰਤੀ-ਕਿਸਾਨ ਲਹਿਰ ਦੇ ਬਾਨੀ ਆਗੂ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ 44 ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਦੇਸ਼ ਭਗਤ ਮੇਲਾ ਕਰਵਾਇਆ ਗਿਆ। ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਵੱਲੋਂ ਪੁੱਜੇ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਚਿਰੰਜੀ ਲਾਲ ਕੰਗਣੀਵਾਲ ਅਤੇ ਸ਼ੀਤਲ ਸਿੰਘ ਸੰਘਾ ਵੱਲੋਂ ਬਾਬਾ ਜੀ ਦੇ ਬੁੱਤ ਨੂੰ ਹਾਰ ਪਾ ਕੇ ਸ਼ੁਰੂਆਤ ਕੀਤੀ ਗਈ। ਪੰਜਾਬੀ ਲੇਖਕ ਅਮਰੀਕ ਸਿੰਘ ਤਲਵੰਡੀ, ਨਗਿੰਦਰ ਸਿੰਘ ਲਲਤੋਂ ਕਲਾਂ ਅਤੇ ਬਾਲਕ੍ਰਿਸ਼ਨ ਲੁਧਿਆਣਾ ਨੇ ਇਨਕਲਾਬੀ ਗੀਤ ਗਾਏ।
ਸਕੂਲੀ ਵਿਦਿਆਰਥੀਆਂ ਨੇ ਵੀ ਵੱਖ-ਵੱਖ ਪੇਸ਼ਕਾਰੀਆਂ ਨਾਲ ਰੰਗ ਬੰਨ੍ਹਿਆ। ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਦੇ ਆਗੂ ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਬੀਬੀ ਕੁਲਵੰਤ ਕੌਰ ਸਿੱਧੂ, ਸ਼ਿੰਦਰ ਜਵੱਦੀ, ਜਸਦੇਵ ਸਿੰਘ ਲਲਤੋਂ ਤੇ ਜਸਵੀਰ ਸਿੰਘ ਨੇ ਗ਼ਦਰੀ ਬਾਬਾ ਗੁਰਮੁੱਖ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਕਵੀਸ਼ਰੀ ਜਥੇ ਅਤੇ ਨਾਟਕ ਮੰਡਲੀਆਂ ਨੇ ਵਾਰਾਂ, ਗੀਤ, ਨਾਟਕ, ਸਕਿੱਟਾਂ ਅਤੇ ਕੋਰੀਉਗ੍ਰਾਫੀਆਂ ਰਾਹੀਂ ਲੋਕਾਂ ਵਿੱਚ ਜੋਸ਼ ਭਰਿਆ। ਮੇਲੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਸਾਨੀ ਘੋਲ ਨੂੰ ਹੋਰ ਪ੍ਰਚੰਡ ਕਰਨ ਦਾ ਹੋਕਾ ਦਿੱਤਾ। ਪਿੰਡ ਦੀ ਪੰਚਾਇਤ ਤੋਂ ਇਲਾਵਾ ਇਲਾਕੇ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ।