ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਸਤੰਬਰ
ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਚੱਲ ਰਹੇ ਪੱਕੇ ਮੋਰਚੇ ਦੌਰਾਨ ਸਰਾਂ ਕਲੀਨਿਕ ਦੇ ਡਾਕਟਰ ਸੁਮਿਤ ਅਤੇ ਅਮਨਦੀਪ ਕੌਰ ਦੀ ਨਿਗਰਾਨੀ ਹੇਠ ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ ਅਤੇ ਇਲਾਕਾ ਵਾਸੀਆਂ ਲਈ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ। ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਬਿੱਕਰਜੀਤ ਸਿੰਘ ਕਾਲਖ, ਭਰਪੂਰ ਸਿੰਘ ਗੁੱਜਰਵਾਲ, ਹਰਪ੍ਰੀਤ ਕੌਰ ਗੁੱਜਰਵਾਲ, ਸੁਰਿੰਦਰ ਕੌਰ ਕਾਲਖ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਕਿਹਾ ਅੰਦੋਲਨਕਾਰੀਆਂ ਦੀ ਸਿਹਤਯਾਬੀ ਲਈ ਕੈਂਪ ਲਾਉਣ ਤੋਂ ਇਲਾਵਾ ਹੁਣ ਦਸਹਿਰੇ, ਦੀਵਾਲੀਆਂ ਵੀ ਮੋਰਚੇ ’ਤੇ ਹੀ ਮਨਾਏ ਜਾਣਗੇ।
ਮੋਰਚੇ ਦੇ 94ਵੇਂ ਦਿਨ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ, ਹਾਲਾਂਕਿ ਬਹੁਤੇ ਕਿਸਾਨ-ਮਜ਼ਦੂਰ ਆਗੂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲੇ ਵਿਚ ਭਲਕੇ ਹੋਣ ਵਾਲੀ ਰੈਲੀ ਦੀ ਤਿਆਰੀ ਵਿਚ ਜੁਟੇ ਹੋਏ ਸਨ। ਕਿਸਾਨ ਆਗੂ ਜਸਵੀਰ ਸਿੰਘ ਕੋਟ ਆਗਾ, ਬਲਵਿੰਦਰ ਸਿੰਘ ਨਾਰੰਗਵਾਲ, ਸੁਦਾਗਰ ਸਿੰਘ ਜੁੜਾਹਾਂ, ਪਰਮਜੀਤ ਸਿੰਘ ਕੋਟ ਆਗਾ, ਸੁਖਦੇਵ ਸਿੰਘ ਰਤਨਗੜ੍ਹ ਅਤੇ ਕਰਮਜੀਤ ਸਿੰਘ ਕੋਟ ਆਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਜ਼ਿੱਦ ਦਾ ਜਵਾਬ ਲੋਕ ਸਿਦਕ ਅਤੇ ਸਬਰ ਨਾਲ ਦੇਣਗੇ। ਅੱਜ ਲੰਗਰ ਦੀ ਸੇਵਾ ਮਾਛੀਵਾੜਾ ਸਾਹਿਬ ਦੀ ਸੰਗਤ ਵੱਲੋਂ ਕੀਤੀ ਗਈ।