ਸਤਵਿੰਦਰ ਬਸਰਾ
ਲੁਧਿਆਣਾ, 2 ਮਈ
ਇੱਥੇ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਵਿੱਚ ਵੱਖੋ ਵੱਖ ਵਿਦਿਆਰਥੀ , ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਰੇਲ ਰੋਕੀ ਗਈ । ਉਨ੍ਹਾਂ ਦਾ ਦੋਸ਼ ਸੀ ਕਿ ਵਿਦਿਆਰਥੀ ਆਗੂ ਦੀ ਰੇਲਵੇ ਅਧਿਕਾਰੀ ਵੱਲੋਂ ਕਥਿਤ ਬਦਸਲੂਕੀ ਕੀਤੀ ਅਤੇ ਜੁਰਮਾਨਾ ਭਰਾਇਆ। ਉਨ੍ਹਾਂ ਅੱਜ ਰੇਲ ਰੋਕੀ ਅਤੇ ਆਪਣੀ ਮੰਗ ਮੰਨਵਾਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਹੁਸ਼ਿਆਰ ਸਿੰਘ , ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਪ੍ਰਗਟ ਕਾਲਾਝਾੜ , ਲਖਵੀਰ ਲੌਂਗੋਵਾਲ , ਪੀਆਰਐੱਸਯੂ ਤੋਂ ਮਨਜੀਤ ਨਮੋਲ , ਪੀਐੱਸਯੂ ਤੋਂ ਸੁਖਦੀਪ ਹਥਨ ਨੇ ਕਿਹਾ ਕਿ ਪਹਿਲੀ ਮਈ ਦੇ ਮਜ਼ਦੂਰ ਦਿਹਾੜੇ ਮੌਕੇ ਪੰਜਾਬੀ ਭਵਨ ਲੁਧਿਆਣਾ ਵਿੱਚ ਪ੍ਰੋਗਰਾਮ ਤੋਂ ਬਾਅਦ ਰੇਲਵੇ ਸ਼ਟੇਸ਼ਨ ਵਿੱਚ ਅਧਿਕਾਰੀਆਂ ਵੱਲੋਂ ਵਿੱਦਿਆਰਥੀ ਆਗੂ (ਰਸ਼ਪਿੰਦਰ ਸਿੰਘ) ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ ਤੇ ਥਾਣੇ ਲੈ ਜਾ ਕੇ ਜੁਰਮਾਨਾ ਭਰਾਇਆ ਗਿਆ। ਇਸ ਦੇ ਵਿਰੋਧ ਵਜੋਂ ਹਿਸਾਰ ਐਕਸਪ੍ਰੈੱਸ ਟਰੇਨ ਰੋਕੀ ਗਈ। ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਏਕੇ ਸਦਕਾ ਅਧਿਕਾਰੀਆਂ ਵੱਲੋਂ ਇਹ ਮੰਗਾਂ ਮੰਨੀਆਂ ਗਈਆਂ ਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਇਨਕਲਾਬੀ ਪ੍ਰੋਗਰਾਮ ਉਤੇ ਜਾਂਦੇ ਸਮੇਂ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦਾ ਕਿਰਾਇਆ ਨਹੀਂ ਵਸੂਲਿਆ ਜਾਵੇਗਾ ਤੇ ਉਹ ਮੁਫਤ ਸਫ਼ਰ ਕਰਕੇ ਜਾ ਸਕਣਗੇ। ਇਸ ਦੌਰਾਨ ਪੀਐੱਸਯੂ ਲਲਕਾਰ , ਡੀਐੱਸਓ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨ ਵੀ ਹਾਜ਼ਰ ਸਨ।