ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ- 3’ ਤਹਿਤ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਚਾਰ ਬਲਾਕਾਂ ਵਿੱਚਮੁਕਾਬਲੇ ਕਰਵਾਏ ਗਏ। ਬਲਾਕ ਖੰਨਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਵਿੱਚ ਹੋਏ ਮੁਕਾਬਲਿਆਂ ਵਿੱਚ ਏ ਐੱਸ ਕਾਲਜ ਫਾਰ ਵਿਮੈੱਨ ਦੀਆਂ ਵਿਦਿਆਰਥਣਾਂ ਨੇ ਅੱਠ ਗੋਲਡ, 2 ਸਿਲਵਰ ਅਤੇ 3 ਕਾਂਸੀ ਦੇ ਤਗ਼ਮੇ ਹਾਸਲ ਕਰ ਕੇ ਕਾਲਜ ਅਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ।
ਇਸ ਸਬੰਧੀ ਸਰੀਰਕ ਸਿੱਖਿਆ ਪ੍ਰੋ. ਮਾਨਸੀ ਪੁੰਜ ਨੇ ਦੱਸਿਆ ਕਿ ਪ੍ਰਾਚੀ ਨੇ 100 ਮੀਟਰ ਦੌੜ ਵਿੱਚ ਗੋਲਡ, ਸ਼ਾਟਪੁੱਟ ਵਿੱਚ ਸਿਲਵਰ, ਲੰਬੀ ਛਾਲ ਵਿੱਚ ਕਾਂਸੀ, ਨੰਦਨੀ ਨੇ 1500 ਮੀਟਰ ਦੌੜ ਵਿੱਚ ਗੋਲਡ, ਰਜਨੀਸ਼ ਨੇ ਸ਼ਾਟਪੁੱਟ ਵਿੱਚ ਗੋਲਡ, ਕਬੱਡੀ ਟੀਮ ਨੇ ਗੋਲਡ, ਸਿਮਰਨਪ੍ਰੀਤ ਕੌਰ ਨੇ 5 ਹਜ਼ਾਰ ਮੀਟਰ ਦੌੜ ਵਿੱਚ ਸਿਲਵਰ, ਕੰਵਲ ਨੇ 200 ਮੀਟਰ ਦੌੜ ਵਿੱਚ ਕਾਂਸੀ ਦਾ ਜਿੱਤਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਜਤਿੰਦਰ ਦੇਗਵਨ, ਰਾਜੇਸ਼ ਡਾਲੀ, ਕਵਿਤਾ ਗੁਪਤਾ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ।