ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਅਕਤੂਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੀ ਗੋਲਡਨ ਜੁਬਲੀ ਦੇ ਸਬੰਧ ਵਿੱਚ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਅੱਜ ਕੇਂਦਰੀ ਦਫਤਰ ਮਾਡਲ ਟਾਊਨ ਵਿੱਚ ਵਿਸ਼ੇਸ਼ ਪਸਾਰ ਭਾਸ਼ਣ ‘ਅੰਮ੍ਰਿਤਸਰ ਸ਼ਹਿਰ ਦੀ ਸਿਰਜਣਾ ਗੁਰੂ ਰਾਮਦਾਸ ਜੀ ਦੀ ਅਧਿਆਤਮਕ, ਸਮਾਜਿਕ ਤੇ ਆਰਥਿਕ ਬਖਸ਼ਿਸ਼’ ਵਿਸ਼ੇ ’ਤੇ ਕਰਵਾਇਆ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਵਿਭਾਗ ਦੇ ਸਾਬਕਾ, ਮੁਖੀ ਪ੍ਰੋ. ਮਨਜੀਤ ਸਿੰਘ ਸਾਹੀ ਨੇ ਵਿਸਥਾਰ ਵਿੱਚ ਸ਼ਹਿਰ ਦੀ ਬਣਤਰ, ਸ਼ਹਿਰ ਨੂੰ ਆਰਥਿਕ, ਸਮਜਿਕ ਤੇ ਧਾਰਮਿਕ ਕੇਂਦਰ ਬਣਾਉਣ ਵਿੱਚ ਗੁਰੂ ਰਾਮਦਾਸ ਦੀ ਦੂਰਦ੍ਰਿਸ਼ਟੀ ਦਾ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਵੱਲੋਂ ਵਸਾਇਆ ਇਹ ਸ਼ਹਿਰ ਲਾਹੌਰ ਅਤੇ ਦਿੱਲੀ-ਕਲਕੱਤਾ-ਮਹਾਰਾਸ਼ਟਰ ਦੇ ਰਸਤੇ ਵਿੱਚ ਅਹਿਮ ਥਾਂ ਬਣ ਗਈ। ਇਸ ਮੌਕੇ ਗੁਰੂ ਰਾਮਦਾਸ ਸੈਂਟਰ ਫਾਰ ਇਕਨੌਮਿਕ ਗਰੋਥ ਅਤੇ ਸਾਹਿਤਕਾਰ ਸਦਨ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਜੀਐੱਚਜੀ ਖਾਲਸਾ ਕਾਲਜ, ਸੁਧਾਰ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਹੁੰਦਲ ਨੇ ਆਪਣੀ ਅੰਮ੍ਰਿਤਸਰ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਪ੍ਰੋ. ਸਾਹੀ ਦੇ ਵਿਸ਼ਾਲ ਗਿਆਨ ਅਤੇ ਅੰਮ੍ਰਿਤਸਰ ਸ਼ਹਿਰ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ। ਗੁਰੂ ਰਾਮਦਾਸ ਸੈਂਟਰ ਦੇ ਨਿਰਦੇਸ਼ਕ ਜਸਪਾਲ ਸਿੰਘ ਪਿੰਕੀ ਨੇ ਸੈਂਟਰ ਵੱਲੋਂ ਕਰਵਾਏ ਜਾ ਰਹੇ ਕਾਰਜਾਂ ’ਤੇ ਚਾਨਣਾ ਪਾਇਆ ਅਤੇ ਗੁਰੂ ਰਾਮਦਾਸ ਦੇ ਉਪਕਾਰਾਂ ਦੀ ਚਰਚਾ ਕੀਤੀ। ਇਸ ਮੌਕੇ ਵਿਚਾਰ ਚਰਚਾ ਦੌਰਾਨ ਡਾ. ਸਰਬਜੋਤ ਕੌਰ ਨੇ ਅੰਮ੍ਰਿਤਸਰ ਸ਼ਹਿਰ ਨੂੰ ਮਨੁੱਖਤਾ ਦਾ ਅਧਿਆਤਮਕ ਕੇਂਦਰ ਦੱਸਿਆ। ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਤੋਂ ਉਤਪੰਨ ਹੋਈਆਂ ਵਿਸ਼ਵਵਿਆਪੀ ਮਾਨਵੀ ਮਹੱਤਤਾ ਵਾਲੀਆਂ ਸੰਸਥਾਵਾਂ ਦਾ ਜ਼ਿਕਰ ਕੀਤਾ। ਪ੍ਰਤਾਪ ਸਿੰਘ ਨੇ ਸੈਂਟਰ ਦੀ ਇਸ ਸਮਾਗਮ ਲਈ ਪ੍ਰਸੰਸਾ ਕੀਤੀ। ਨਿਰਦੇਸ਼ਕ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰ ਕੌਂਸਲ ਡਾ. ਬਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪ੍ਰੋ. ਸਾਹੀ ਦੇ ਸਹਿਯੋਗ ਨਾਲ ਸਿੱਖ ਹੈਰੀਟੇਜ਼ ਦੇ ਹੋਰ ਖੋਤਰਾਂ ਵਿੱਚ ਵੀ ਕੰਮ ਕਰਨ ਦੀ ਯੋਜਨਾਬੰਦੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਤਰਲੋਚਨ ਸਿੰਘ, ਅੰਮ੍ਰਿਤਪਾਲ ਸਿੰਘ, ਰਣਜੀਤ ਸਿੰਘ, ਡਾ. ਗੁਰਮੀਤ ਸਿੰਘ, ਡਾ. ਸਰਬਜੀਤ ਸਿੰਘ ਹਾਜ਼ਰ ਸਨ।