ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 22 ਅਕਤੂਬਰ
ਪਿੰਡ ਜਿੱਤਵਾਲ ਕਲਾਂ ’ਚ ਪੰਚਾਇਤੀ ਚੋਣਾਂ ਦੌਰਾਨ ਪਰਮਿੰਦਰ ਸਿੰਘ ਨੇ ਆਪਣੇ ਮੁੱਖ ਵਿਰੋਧੀ ਨੂੰ ਮਹਿਜ਼ 10 ਵੋਟਾਂ ਨਾਲ ਹਰਾ ਜਿੱਤ ਪ੍ਰਾਪਤ ਕੀਤੀ ਸੀ। ਇਸ ਜਿੱਤ ਦੇ ਸ਼ੁਕਰਾਨੇ ਵਜੋਂ ਪਿੰਡ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਪੰਜਾਬ ਲੋਕ ਕਾਂਗਰਸ ਹਲਕਾ ਅਮਰਗੜ੍ਹ ਦੀ ਚੋਣ ਲੜ ਚੁੱਕੇ ਸੂਫ਼ੀ ਗਾਇਕ ਸਰਦਾਰ ਅਲੀ ਮੁਤੋਈ ਵੱਲੋਂ ਪੰਚਾਇਤ ਨੂੰ ਪੰਜ ਦਰਜਨ ਬੂਟੇ ਵੰਡ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਜਿੱਤਵਾਲ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੰਚੀ ਸਰਪੰਚੀ ਤੋਂ ਲੈ ਕੇ ਹਰੇਕ ਚੋਣ ਸਮੇਂ ਦੋ ਧਿਰਾਂ ਵਿਚਕਾਰ ਫਸਵਾਂ ਮੁਕਾਬਲਾ ਰਹਿੰਦਾ ਹੈ। ਸਰਪੰਚ ਪਰਮਿੰਦਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਤੋਂ ਇਲਾਵਾ ਮੁਕੰਦ ਸਿੰਘ, ਸੁਰਿੰਦਰ ਕੌਰ, ਚਰਨਜੀਤ ਕੌਰ, ਜਸਪਾਲ ਕੌਰ ਪੰਚਾਇਤ ਮੈਂਬਰ ਚੁਣੇ ਗਏ ਹਨ ਜਦਕਿ ਬਲਦੇਵ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਪਹਿਲਾਂ ਹੀ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਵੀ ਪਿੰਡ ’ਚ ਦੂਸਰੀ ਧਿਰ ਨਾਲ ਸਬੰਧਤ ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੇ ਕੁਲਦੀਪ ਸਿੰਘ ਪੰਚਾਇਤ ਮੈਂਬਰ ਚੁਣੇ ਗਏ। ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪਰਵਾਸੀ ਮਜ਼ਦੂਰਾਂ ਦਾ ਵੀ ਚੋਣਾਂ ਵਿੱਚ ਜਾਗ ਲੱਗਣਾ ਸ਼ੁਰੂ ਹੋ ਗਿਆ ਹੈ। ਪਰਵਾਸੀ ਮਹਿਲਾ ਧਰਮਾਵਤੀ ਆਪਣੀ ਮੁੱਖ ਵਿਰੋਧੀ ਨੂੰ 13 ਵੋਟਾਂ ਨਾਲ ਹਰਾ ਕੇ ਪੰਚਾਇਤ ਮੈਂਬਰ ਬਣੀ।