ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜਨਵਰੀ
ਸਨਅਤੀ ਸ਼ਹਿਰ ਵਿੱਚ ਪਿਛਲੇ ਤਿੰਨ ਦਿਨ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਜਿਸਦੇ ਚਲਦੇ ਲੁਧਿਆਣਾ ਵਿੱਚ ਸੀਤ ਲਹਿਰ ਚੱਲ ਰਹੀ ਹੈ। ਠੰਢ ਵੱਧਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਕੜਾਕੇ ਦੀ ਠੰਢ ਨਾਲ ਲੋਕਾਂ ਦਾ ਆਉਣਾ ਜਾਣਾ ਔਖਾ ਹੋ ਗਿਆ ਹੈ। ਧੁੱਪ ਨਾ ਨਿਕਲਣ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਬੱਚਿਆਂ, ਬਜ਼ੁਰਗਾਂ ਨੂੰ ਹੋ ਰਹੀ ਹੈ। ਸ਼ਨਿੱਚਰਵਾਰ ਨੂੰ ਵੀ ਸਵੇਰੇ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਧੁੱਪ ਦੇ ਗਾਇਬ ਹੋਣ ਨਾਲ ਸੀਤ ਲਹਿਰ ਨੇ ਵੀ ਲੋਕਾਂ ਨੂੰ ਕੰਬਣੀ ਛੇੜ ਦਿੱਤੀ। ਸਵੇਰੇ 8 ਵਜੇ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਹਰ ਰੋਜ਼ ਤਾਪਮਾਨ ’ਚ ਲਗਾਤਾਰ ਗਿਰਾਵਟ ਦੇਖੀ ਗਈ। ਉਧਰ, ਏਅਰ ਕੁਆਲਟੀ ਇੰਡੈਕਸ 105 ਦੇ ਪੱਧਰ ’ਤੇ ਰਿਹਾ। ਸਵੇਰੇ ਧੁੰਦ ਵੀ ਛਾਈ ਰਹੀ। ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਨੂੰ ਇੱਕ ਵਾਰ ਤਾਂ ਧੁੱਪ ਆਏਗੀ, ਪਰ ਫਿਰ ਬੱਦਲ ਪਰਤ ਆਉਣਗੇ। ਸੋਮਵਾਰ ਬਾਅਦ ਦੁਪਹਿਰ ਮੌਸਮ ਸਾਫ਼ ਹੋ ਜਾਵੇਗਾ ਅਤੇ ਧੁੱਪ ਨਿਕਲਣ ਲੱਗੇਗੀ। ਪਰ ਅਗਰ ਠੰਢ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲੇ ਠੰਢ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ। ਦਿਨ ਦਾ ਤਾਪਮਾਨ ਥੋੜ੍ਹਾ ਵਧੇਗਾ, ਪਰ ਰਾਤ ਦਾ ਤਾਪਮਾਨ ਘੱਟ ਹੋਣ ’ਤੇ ਠੰਢ ’ਚ ਵਾਧਾ ਹੋਵੇਗਾ। ਦੱਸ ਦਈਏ ਕਿ ਇਸ ਸਾਲ ਦੇ ਪਹਿਲੇ ਮਹੀਨੇ ’ਚ ਹੀ ਕਈ ਦਿਨ ਮੀਂਹ ਪੈਣ ਕਾਰਨ ਮੌਸਮ ’ਚ ਠੰਢ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ’ਚ ਠੰਢ ਹੋਰ ਵੱਧਣ ਦੇ ਆਸਾਰ ਦੱਸੇ ਜਾ ਰਹੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਮਹੀਨੇ ਵਿੱਚ ਹੁਣ ਤੱਕ ਰਿਕਾਰਡ ਤੋੜ ਮੀਂਹ ਪੈ ਚੁੱਕਿਆ ਹੈ ਤੇ ਹੁਣ ਅੱਗੇ ਵੀ ਹੋਰ ਮੀਂਹ ਪੈਣ ਦੇ ਆਸਾਰ ਹਨ।