ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਦਸੰਬਰ
ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਸੰਘਣੀ ਧੁੰਦ ਪੈਣ ਤੋਂ ਬਾਅਦ ਐਤਵਾਰ ਨੂੰ ਸਾਰਾ ਦਿਨ ਸੂਰਜ ਚਮਕਦਾ ਰਿਹਾ। ਨਿੱਘੀ ਧੁੱਪ ਦਾ ਨਜ਼ਾਰਾ ਲੈਣ ਲਈ ਲੋਕ ਘਰਾਂ ਦੀਆਂ ਛੱਤਾਂ ਅਤੇ ਖੁੱਲ੍ਹੇ ਪਾਰਕਾਂ ਵਿੱਚ ਘੁੰਮਦੇ ਅਤੇ ਪੜ੍ਹਾਈ ਕਰਦੇ ਆਮ ਦੇਖੇ ਗਏ। ਸਨਅਤੀ ਸ਼ਹਿਰ ਵਿੱਚ ਬੀਤੇ ਵੀਰਵਾਰ ਤੋਂ ਠੰਢ ਦੀ ਮਾਰ ਲਗਾਤਾਰ ਪੈ ਰਹੀ ਸੀ। ਸਵੇਰ ਸਮੇਂ ਪੈਂਦੀ ਸੰਘਣੀ ਧੁੰਦ ਕਈ ਵਾਰ ਸਾਰਾ-ਸਾਰਾ ਦਿਨ ਹੀ ਛਾਈ ਰਹਿੰਦੀ ਸੀ ਪਰ ਐਤਵਾਰ ਨੂੰ ਸਵੇਰ ਸਮੇਂ ਹੀ ਸੂਰਜ ਦੀ ਚਮਕ ਪੈਣੀ ਸ਼ੁਰੂ ਹੋ ਗਈ, ਜੋ ਸਾਰਾ ਦਿਨ ਬਰਕਰਾਰ ਰਹੀ। ਛੁੱਟੀ ਵਾਲਾ ਦਿਨ ਹੋਣ ਕਰਕੇ ਅਤੇ ਨਿੱਘੀ ਧੁੱਪ ਦਾ ਆਨੰਦ ਲੈਣ ਲਈ, ਜਿੱਥੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਟਹਿਲਦੇ ਦੇਖੇ ਗਏ, ਉੱਥੇ ਕਈ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਪਾਰਕਾਂ ਵਿੱਚ ਸੈਰ ਕਰਕੇ ਆਪਣਾ ਸਮਾਂ ਬਿਤਾਇਆ। ਪੀਏਯੂ ਦੇ ਹੋਸਟਲ ਵਿੱਚ ਰਹਿੰਦੇ ਵਿਦਿਆਰਥੀਆਂ ਨੇ ਹੋਸਟਲਾਂ ਦੀ ਥਾਂ ਪਾਰਕਾਂ ਵਿੱਚ ਬੈਠ ਕਿ ਪੜ੍ਹਾਈ ਕਰਨ ਨੂੰ ਤਰਜੀਹ ਦਿੱਤੀ।
ਉਥੇ ਹੀ ਪੀਏਯੂ ਮੌਸਮ ਵਿਭਾਗ ਦੇ ਮਾਹਿਰ ਡਾ. ਕੇਕੇ ਗਿੱਲ ਅਨੁਸਾਰ 1973 ਤੋਂ ਬਾਅਦ ਦਸਬੰਰ ਮਹੀਨੇ ਦੀ 15 ਤਰੀਕ ਤੱਕ ਕਦੇ ਵੀ ਉਪਰਲਾ ਤਾਪਮਾਨ ਇੰਨਾ ਘੱਟ ਦਰਜ ਨਹੀਂ ਕੀਤਾ ਗਿਆ। ਪਿਛਲੇ ਸਾਲ ਦਸੰਬਰ ਦੇ ਅਖੀਰ ਵਿੱਚ ਉਪਰਲਾ ਤਾਪਮਾਨ 9.6 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਸੀ, ਜੋ ਇਸ ਵਾਰ 13 ਡਿਗਰੀ ਸੈਲਸੀਅਸ ਤੱਕ ਰਿਹਾ ਹੈ। ਬੀਤੇ ਦਿਨ ਰਾਤ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਸੀ, ਜੋ ਅੱਜ ਧੁੱਪ ਨਿਕਲਣ ਕਾਰਨ ਕੱਲ੍ਹ ਹੋਰ ਹੇਠਾਂ ਜਾਣ ਦੀ ਉਮੀਦ ਹੈ। ਡਾ. ਗਿੱਲ ਨੇ ਕਿਹਾ ਕਿ 22 ਦਸੰਬਰ ਤੱਕ ਸਵੇਰੇ-ਸ਼ਾਮ ਧੁੰਦ ਪੈ ਸਕਦੀ ਹੈ, ਜਦਕਿ ਦਿਨ ਵੇਲੇ ਮੌਸਮ ਅੱਜ ਵਰਗਾ ਹੀ ਸੁਹਾਵਨਾ ਰਹਿ ਸਕਦਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਆਉਂਦੇ ਦੋ-ਤਿੰਨ ਦਿਨਾਂ ’ਚ ਕੋਰਾ ਵੀ ਪੈ ਸਕਦਾ ਹੈ।