ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 20 ਜੂਨ
ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨਲ ਦਫ਼ਤਰ ਨੇ ਅਣਅਧਿਕਾਰਤ ਕਬਜ਼ਾ ਧਾਰਕਾਂ ਦੀ ਬੇਦਖ਼ਲੀ ਦੇ ਕਾਨੂੰਨ 1971 ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕਸਬਾ ਮੁੱਲਾਂਪੁਰ ਦੇ ਵਾਰਡ ਨੰਬਰ 4, 5 ਅਤੇ 6 ਦੀ ਇੰਦਰਾ ਕਲੋਨੀ ਵਾਸੀਆਂ ਦੀ ਅਚਾਨਕ ਘਰ ਖ਼ਾਲੀ ਕਰਨ ਦੇ ਨੋਟਿਸ ਜਾਰੀ ਕਰ ਕੇ ਨੀਂਦ ਉਡਾ ਦਿੱਤੀ ਹੈ। ਕਈ ਦਹਾਕਿਆਂ ਤੋਂ ਇੱਥੇ ਘਰ ਬਣਾ ਕੇ ਰਹਿਣ ਵਾਲੇ ਚਿੰਤਾ ਵਿਚ ਡੁੱਬੇ ਇੰਦਰਾ ਕਲੋਨੀ ਵਾਸੀਆਂ ਦਾ ਦਰਦ ਵੰਡਾਉਣ ਪਹੁੰਚੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸੇ ਕੀਮਤ ‘ਤੇ ਇਹ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ।
ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਡਾ. ਅਮਰਜੀਤ ਸਿੰਘ, ਸਾਬਕਾ ਕੌਂਸਲਰ ਸੁਸ਼ੀਲ ਕੁਮਾਰ ਵਿੱਕੀ ਅਤੇ ਬਲਵੀਰ ਚੰਦ ਬੀਰਾ ਸਮੇਤ ਹੋਰ ਆਗੂਆਂ ਦੀ ਮੌਜੂਦਗੀ ਵਿਚ ਬਾਜ਼ੀਗਰ ਅਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਕਲੋਨੀ ਵਾਸੀਆਂ ਨੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਦੱਸਿਆ ਕਿ ਦੇਸ਼ ਦੀ ਵੰਡ ਤੋਂ ਵੀ ਪਹਿਲਾਂ ਉਨ੍ਹਾਂ ਦੇ ਵੱਡੇ-ਵਡੇਰੇ ਇੱਥੇ ਆ ਵਸੇ ਸਨ। ਉਨ੍ਹਾਂ ਕਿਹਾ ਕਿ ਇਹ ਕਲੋਨੀ ਰੇਲਵੇ ਲਾਈਨ ਤੋਂ ਕਾਫ਼ੀ ਦੂਰ ਹੈ ਅਤੇ ਉਨ੍ਹਾਂ ਦੇ ਘਰਾਂ ਵਿਚ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਮਿਲੇ ਹੋਏ ਹਨ, ਸਰਕਾਰ ਵੱਲੋਂ ਸੜਕਾਂ ਬਣਾਈਆਂ ਗਈਆਂ ਹਨ। ਕਲੋਨੀ ਵਾਸੀਆਂ ਦੇ ਬਕਾਇਦਾ ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਆਧਾਰ ਕਾਰਡ ਵੀ ਬਣੇ ਹੋਏ ਹਨ। ਹੁਣ ਤੱਕ ਕਦੇ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਅਤੇ ਹੁਣ ਰੇਲਵੇ ਨੇ ਮਾਲਕੀ ਦੇ ਪੁਖ਼ਤਾ ਸਬੂਤ ਪੇਸ਼ ਕਰਨ ਲਈ ਆਖਿਆ ਹੈ।
ਕਲੋਨੀ ਵਾਸੀਆਂ ਅਨੁਸਾਰ ਉਨ੍ਹਾਂ ਦੇ ਬਜ਼ੁਰਗ ਗ਼ਰੀਬ ਅਤੇ ਅਨਪੜ੍ਹ ਸਨ ਅਤੇ ਉਨ੍ਹਾਂ ਇਥੇ ਵੱਸਣ ਸਮੇਂ ਕੋਈ ਅਜਿਹਾ ਦਸਤਾਵੇਜ਼ ਹਾਸਲ ਨਹੀਂ ਕੀਤਾ। ਵਿਧਾਇਕ ਇਆਲੀ ਨੇ ਕਿਹਾ ਕਿ ਉਹ ਬਜਟ ਸੈਸ਼ਨ ਦੌਰਾਨ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਵੀ ਉਠਾਉਣਗੇ ਅਤੇ ਲੋੜ ਪੈਣ ‘ਤੇ ਕੇਂਦਰੀ ਮੰਤਰੀਆਂ ਨੂੰ ਵੀ ਮਿਲਣਗੇ।