ਪੱਤਰ ਪ੍ਰੇਰਕ
ਦੋਰਾਹਾ, 26 ਜੁਲਾਈ
ਅਧਿਆਪਕਾਂ ਨੇ ਅੱਜ ਇਥੋਂ ਦੇ ਬੇਅੰਤ ਸਿੰਘ ਚੌਕ ਨੇੜੇ ਸੂਬਾ ਕਮੇਟੀ ਦੇ ਸੱਦੇ ’ਤੇ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਬਿਲਗਾ, ਬਿਕਰਮਜੀਤ ਸਿੰਘ ਕੱਦੋਂ, ਬਲਵਿੰਦਰ ਸਿੰਘ ਨੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕਾਂ ਦੇ ਭੱਤੇ ਅਤੇ ਏ.ਸੀ.ਪੀ ਬੰਦ ਕਰਨ ਵਾਲੀਆਂ ਸਰਕਾਰੀ ਚਿੱਠੀਆਂ ਨੂੰ ਸਾੜਿਆ ਗਿਆ। ਬੇਅੰਤ ਸਿੰਘ, ਰਵਿੰਦਰ ਸਿੰਘ ਅਤੇ ਦਿਆਲ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਮਿਲਦੇ ਪੇਂਡੂ ਭੱਤੇ ਸਮੇਤ ਹੋਰ ਸਾਰੇ ਭੱਤੇ ਅਤੇ ਏ.ਸੀ.ਪੀ ਸਕੀਮ ਬੰਦ ਕਰ ਦਿੱਤੀ ਸੀ। ਇਸ ਤੋਂ ਇਲਾਵਾ ਤੋਂ ਇਲਾਵਾ ਕੱਚੇ ਅਧਿਆਪਕ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗਾਰੰਟੀ ਦਿੱਤੀ ਸੀ ਪਰ ਸਰਕਾਰ ਬਣਨ ਉਪਰੰਤ ‘ਆਪ’ ਪਾਰਟੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਬਲਵਿੰਦਰ ਸਿੰਘ ਗੁਰਮ, ਗੁਰਪ੍ਰੀਤ ਸਿੰਘ, ਸੁਖਵੰਤ ਸਿੰਘ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪ੍ਰਾਇਮਰੀ ਅਧਿਆਪਕਾਂ ਨੂੰ ਆਪਣੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ, ਇਸ ਕਾਰਨ ਸਰਕਾਰ ਪ੍ਰਾਇਮਰੀ ਅਧਿਆਪਕਾਂ ਦੇ ਬਜਟ ਦਾ ਢੁਕਵਾਂ ਪ੍ਰਬੰਧ ਕਰੇ।