ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਐਜੂਕੇਸ਼ਨ ਰਿਕਿਊਟਮੈਂਟ ਬੋਰਡ ਪੰਜਾਬ ਵੱਲੋਂ ਨਵੇਂ ਭਰਤੀ ਕੀਤੇ 6,635 ਈਟੀਟੀ ਅਧਿਆਪਕਾਂ ਵਿੱਚੋਂ 1,100 ਤੋਂ ਵੱਧ ਅਧਿਆਪਕਾਂ ਨੂੰ ਲੁਧਿਆਣਾ ਵਿੱਚ ਨਿਯੁਕਤੀ ਪੱਤਰ ਲੈਣ ਸਮੇਂ ਭੀੜ ਵੱਧ ਹੋਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ 1100 ਤੋਂ ਵੱਧ ਨਵੇਂ ਅਧਿਆਪਕ ਇੱਥੇ ਪਹੁੰਚੇ ਹੋਏ ਸਨ। ਦੂਜੇ ਪਾਸੇ ਡੀਈਓ ਜਸਵਿੰਦਰ ਕੌਰ ਨੇ ਕਈ ਗਰਭਵਤੀ ਅਧਿਆਪਕਾਂ ਨੂੰ ਖ਼ੁਦ ਕੋਲ ਜਾ ਕਿ ਆਰਡਰ ਦਸਤਖਤ ਕਰਕੇ ਦੇਣ ਦਾ ਦਾਅਵਾ ਕੀਤਾ ਹੈ।
ਨੌਕਰੀ ਲਈ ਲੁਧਿਆਣਾ ਸੈਂਟਰ ਚੁਣਨ ਵਾਲੇ ਨਵੇਂ ਈਟੀਟੀ ਅਧਿਆਪਕਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ 1,100 ਤੋਂ ਵੱਧ ਇਹ ਅਧਿਆਪਕ ਫਾਜ਼ਿਲਕਾ, ਅਬੋਹਰ, ਪਟਿਆਲਾ, ਸੰਗਰੂਰ, ਬਠਿੰਡਾ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿੱਚੋਂ ਆਏ ਹੋਏ ਸਨ। ਅਧਿਆਪਕਾਂ ਦੀ ਗਿਣਤੀ ਵੱਧ, ਖੜ੍ਹਨ ਲਈ ਥਾਂ ਘੱਟ ਅਤੇ ਉਪਰੋਂ ਗਰਮੀ ਦਾ ਮੌਸਮ ਹੋਣ ਕਰਕੇ ਇਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਪੇਸ਼ ਆ ਰਹੀ ਸੀ। ਕਈ ਮਹਿਲਾ ਅਧਿਆਪਕ ਤਾਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕਿ ਆਈਆਂ ਹੋਈਆਂ ਸਨ ਅਤੇ ਕਈ ਅਧਿਆਪਕਾਵਾਂ ਗਰਭਵਤੀ ਸਨ। ਸਵੇਰ ਤੋਂ ਆਪਣੀ ਵਾਰੀ ਦੀ ਉਡੀਕ ਵਿੱਚ ਖੜ੍ਹੀਆਂ ਕਈ ਲੜਕੀਆਂ ਬੇਹੋਸ਼ ਵੀ ਹੋਈਆਂ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸਾਥਣਾਂ ਨੇ ਪਾਣੀ ਆਦਿ ਪਿਲਾਇਆ। ਇਨ੍ਹਾਂ ਵਿੱਚੋਂ ਕਈਆਂ ਦਾ ਕਹਿਣਾ ਸੀ ਕਿ ਜੇਕਰ ਇਹ ਪ੍ਰਬੰਧ ਕਿਸੇ ਵੱਡੇ ਸਕੂਲ ਜਾਂ ਮੈਦਾਨ ਵਿੱਚ ਕਰ ਲਿਆ ਜਾਂਦਾ ਤਾਂ ਇੰਨੀ ਮੁਸ਼ਕਲ ਨਹੀਂ ਹੋਣੀ ਸੀ। ਇੱਥੇ ਜਗ੍ਹਾ ਥੋੜ੍ਹੀ ਹੋਣ ਕਰਕੇ ਲਾਈਨਾਂ ਬਣਾਉਣੀਆਂ ਵੀ ਮੁਸ਼ਕਲ ਹੋ ਰਹੀਆਂ ਸਨ। ਭੀੜ ਜਿਆਦਾ ਹੋਣ ਕਰਕੇ ਕਈ ਅਧਿਆਪਕ ਆਪਸ ਵਿੱਚ ਧੱਕਾਮੁੱਕੀ ਵੀ ਹੁੰਦੇ ਰਹੇ। ਇਸ ਸਮੇਂ ਭੀੜ ਨੂੰ ਸ਼ਾਂਤ ਕਰਵਾਉਣ ਲਈ ਭਾਵੇਂ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ ਪਰ ਰੌਲੇ ਰੱਪੇ ਵਿੱਚ ਕਿਸੇ ਨੂੰ ਕੁੱਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਅਧਿਆਪਕਾਂ ਨਾਲ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕਈ ਕਈ ਘੰਟੇ ਬਾਹਰ ਖੁੱਲ੍ਹੇ ਅਕਾਸ਼ ਵਿੱਚ ਖੜ੍ਹੇ ਰਹੇ।
ਦੂਜੇ ਪਾਸੇ ਜਦੋਂ ਅਧਿਆਪਕਾਂ ਨੂੰ ਹੋਈ ਪ੍ਰੇਸ਼ਾਨੀ ਸਬੰਧੀ ਡੀਈਓ ਜਸਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਗਰਭਵਤੀ ਅਧਿਆਪਕਾਂ ਨੂੰ ਤਾਂ ਉਹ ਖ਼ੁਦ ਕੋਲ ਜਾ ਕੇ ਆਰਡਰ ਦਸਤਖਤ ਕਰਕੇ ਦੇ ਕੇ ਆਏ ਹਨ। ਜੇਕਰ ਕੋਈ ਅਧਿਆਪਕ ਸੋਮਵਾਰ ਨੂੰ ਨਿਯੁਕਤੀ ਪੱਤਰ ਲੈਣ ਆਉਣਾ ਚਾਹੁੰਦਾ ਹੈ ਤਾਂ ਉਸ ਦੇ ਸਾਰੇ ਡਾਕੂਮੈਂਟ ਤਿਆਰ ਕਰਕੇ ਰੱਖਣਗੇ ਅਤੇ ਉਹ ਕੱਲ੍ਹ ਲੈ ਸਕਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਹ ਪ੍ਰਬੰਧ ਕਿਸੇ ਵੱਡੇ ਸਕੂਲ ਜਾਂ ਗਰਾਊਂਡ ਵਿੱਚ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੁੱਝ ਪ੍ਰਬੰਧਕੀ ਤੇ ਵਿਭਾਗੀ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਸਕਦਾ ਸੀ।