ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਨਵੰਬਰ
ਨਗਰ ਨਿਗਮ ਜ਼ੋਨ-ਏ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਅੱਜ ਬਹਾਦੁਰਕੇ ਰੋਡ ’ਤੇ ਇੱਕ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ। ਇਹ ਜ਼ਮੀਨ ਬਹਾਦਰਕੇ ਰੋਡ ’ਤੇ ਬਾਜ਼ੀਗਰ ਬਸਤੀ ਦੇ ਨਾਲ ਲੱਗਦੀ ਹੈ। ਨਗਰ ਨਿਗਮ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਵਿਅਕਤੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਚਾਰਦੀਵਾਰੀ ਬਣਾ ਰਹੇ ਹਨ, ਜਿਸ ਦੀ ਮਾਲਕੀ ਸਬੰਧੀ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ। ਬਿਲਡਿੰਗ ਬ੍ਰਾਂਚ ਨੂੰ ਕੁਝ ਸਥਾਨਕ ਨਿਵਾਸੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ, ਪਰ ਕੰਮ ਨੂੰ ਸਾਈਟ ’ਤੇ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਜਗ੍ਹਾਂ ’ਤੇ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਮਲਕੀਅਤ ਸਬੰਧੀ ਅਦਾਲਤੀ ਕੇਸ ਪੈਂਡਿੰਗ ਹੈ।
ਜਦੋਂ ਨਗਰ ਨਿਗਮ ਦੀ ਟੀਮ ਨੂੰ ਅੱਜ ਕਬਜ਼ੇ ਬਾਰੇ ਪਤਾ ਚੱਲਿਆ ਤਾਂ ਨਗਰ ਨਿਗਮ ਏ ਜ਼ੋਨ ਦੀ ਬਿਲਡਿੰਗ ਬਰਾਂਚ ਦੀ ਟੀਮ ਜੇਸੀਬੀ ਤੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੀ, ਜਿਥੇ ਜਾਂਦੇ ਹੀ ਉਨ੍ਹਾਂ ਨੇ ਕੀਤੀ ਜਾ ਰਹੀ ਉਸਾਰੀ ਰੁਕਵਾਈ। ਇਸ ਦੌਰਾਨ ਕਬਜ਼ਾ ਕਰਨ ਵਾਲੇ ਲੋਕਾਂ ਨੇ ਟੀਮ ਦਾ ਵਿਰੋਧ ਕੀਤਾ। ਕਬਜ਼ਾਧਾਰੀਆਂ ਨੇ ਦਾਅਵਾ ਕੀਤਾ ਕਿ ਇਹ ਜ਼ਮੀਨ ਉਨ੍ਹਾਂ ਦੀ ਹੈ, ਪਰ ਨਗਰ ਨਿਗਮ ਦੀ ਟੀਮ ਨੇ ਮੌਕੇ ’ਤੇ ਅਦਾਲਤ ਵਿੱਚ ਚੱਲ ਰਹੇ ਕੇਸ ਬਾਰੇ ਕਾਗਜ਼ ਦਿਖਾਏ ਤੇ ਕਬਜ਼ਾ ਕਰਨ ਵਾਲੇ ਨੂੰ ਰੋਕਿਆ। ਇਸ ਦੇ ਨਾਲ ਹੀ ਮੌਕੇ ’ਤੇ ਕਾਫੀ ਬਹਿਸਬਾਜ਼ੀ ਵੀ ਹੋ ਗਈ। ਜਦੋਂ ਕਬਜ਼ਾਧਾਰੀ ਨਾ ਮੰਨੇ ਤਾਂ ਨਗਰ ਨਿਗਮ ਦੀ ਟੀਮ ਨੇ ਮੌਕੇ ’ਤੇ ਹੋਰ ਪੁਲੀਸ ਟੀਮ ਨੂੰ ਬੁਲਾਇਆ। ਅੰਤ ਵਿੱਚ ਨਗਰ ਨਿਗਮ ਦੀ ਟੀਮ ਵਿਰੋਧ ਦੇ ਬਾਵਜਦੂ ਨਗਰ ਨਿਗਮ ਦੀ ਇਸ ਜ਼ਮੀਨ ’ਤੇ ਕਬਜ਼ਾ ਹੋਣ ਤੋਂ ਰੋਕਣ ਵਿੱਚ ਕਾਮਯਾਬ ਹੋ ਗਈ। ਨਗਰ ਨਿਗਮ ਦੇ ਮੁਲਾਜ਼ਮਾਂ ਮੌਕੇ ’ਤੇ ਫਿਰ ਵੀ ਸੁਰੱਖਿਆ ਮੁਲਾਜ਼ਮਾ ਦੀ ਡਿਊਟੀ ਲਗਾ ਦਿੱਤੀ ਹੈ ਤਾਂ ਕਿ ਟੀਮ ਦੇ ਜਾਣ ਦੇ ਬਾਅਦ ਵੀ ਉਥੇ ਕਬਜ਼ਾ ਨਾ ਹੋ ਸਕੇ।