ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਸ ਸਾਲ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਦੀ ਰੁਚੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ’ਵਰਸਿਟੀ ਦੇ 2024-25 ਦੌਰਾਨ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕੁੱਲ 5,446 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਇਹ ਗਿਣਤੀ ਪਿਛਲੇ ਪੰਜ ਸਾਲਾਂ ਦੌਰਾਨ ਦਾਖਲੇ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਵਿਚ ਸਭ ਤੋਂ ਵੱਧ ਹੈ। ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਸਾਲ 2019 ਵਿਚ 5173, 2020 ਵਿਚ 5117, 2021 ਵਿਚ 3681, 2022 ਵਿਚ 3123 ਅਤੇ 2023 ਵਿੱਚ ਕੁੱਲ 3378 ਵਿਦਿਆਰਥੀਆਂ ਨੇ ਪੰਜਾਬ, ਚੰਡੀਗੜ੍ਹ ਅਤੇ ਪ੍ਰਵਾਸੀ ਖੇਤਰਾਂ ਤੋਂ ਦਾਖਲੇ ਲਈ ਅਰਜ਼ੀਆਂ ਭੇਜੀਆਂ ਸਨ। ਇਸ ਸਾਲ 5,446 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜੋ ਪੀਏਯੂ ਵਿੱਚ ਖੇਤੀਬਾੜੀ ਸਿੱਖਿਆ ਲਈ ਵਿਦਿਆਰਥੀਆਂ ਦੇ ਵੱਧ ਰਹੇ ਰੁਝਾਨ ਦਾ ਪ੍ਰਤੀਕ ਹੈ। ਡਾ. ਰਿਸ਼ੀਪਾਲ ਨੇ ਕਿਹਾ ਕਿ ਕੁੱਲ 3,939 ਅਤੇ 1,507 ਵਿਦਿਆਰਥੀਆਂ ਨੇ 2024-25 (3 ਜੂਨ, 2024 ਤੱਕ) ਦੌਰਾਨ ਅੰਡਰਗਰੈਜੂਏਟ ਅਤੇ ਪੋਸਟ ਗਰੈਜੂਏਟ ਪ੍ਰੋਗਰਾਮਾਂ ਲਈ ਅਪਲਾਈ ਕੀਤਾ ਸੀ, ਜਦੋਂ ਕਿ ਕ੍ਰਮਵਾਰ 2,037 ਅਤੇ 1,341 ਵਿਦਿਆਰਥੀਆਂ ਨੇ ਵੱਖ-ਵੱਖ ਪੀਏਯੂ ਅਕਾਦਮਿਕ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਸੀ। ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ ਪੋਸਟ ਗਰੈਜੂਏਟ ਲਈ 93.37 ਪ੍ਰਤੀਸ਼ਤ ਅਤੇ ਅੰਡਰ ਗਰੈਜੂਏਟ ਪ੍ਰੋਗਰਾਮਾਂ ਲਈ 12.37 ਪ੍ਰਤੀਸ਼ਤ ਵਾਧਾ ਹੋਇਆ ਹੈ।