ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਅਕਤੂਬਰ
ਥਾਣਾ ਡੇਹਲੋਂ ਦੇ ਇਲਾਕੇ ਸ਼ਰੀਂਹ-ਘਵੱਦੀ ਰੋਡ ’ਤੇ ਇੱਕ ਵੇਅਰ ਹਾਊਸ ਦੀ ਟਰੱਕ ਪਾਰਕਿੰਗ ਵਿੱਚ ਸੜਕ ਕਿਨਾਰੇ ਬੈਠੇ ਖਾਣਾ ਬਣਾ ਰਹੇ ਡਰਾਈਵਰ ਦੀ ਟਰੱਕ ਚੜ੍ਹਨ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਪੁਲੀਸ ਨੇ ਦੂਜੇ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਸੋਲਨ (ਹਿਮਾਚਲ ਪ੍ਰਦੇਸ਼) ਵਾਸੀ ਵਿਕਰਾਂਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਚਾਚਾ ਦਵਿੰਦਰ ਸਿੰਘ ਵਾਸੀ ਪਿੰਡ ਮਹਾਂਦੇਵ (ਹਿਮਾਚਲ ਪ੍ਰਦੇਸ਼) ਟਾਟਾ ਗੱਡੀ ਵਿੱਚ ਸ਼ਰਾਬ ਲੱਦ ਕੇ ਲਿਆਇਆ ਸੀ। ਉਸ ਨੇ ਪਿੰਡ ਸ਼ਰੀਂਹ-ਘਵੱਦੀ ਰੋਡ ਤੇ ਬਣੇ ਵੇਅਰਹਾਊਸ ਵਿੱਚ ਸ਼ਰਾਬ ਉਤਾਰਨ ਲਈ ਗੱਡੀ ਨੂੰ ਖੇਤਾਂ ਵਿਚ ਬਣੀ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਅਤੇ ਉੱਥੇ ਹੀ ਸੜਕ ਕਿਨਾਰੇ ਬੈਠ ਕੇ ਖਾਣਾ ਬਣਾਉਣ ਲੱਗ ਪਿਆ। ਇਸ ਦੌਰਾਨ ਇੱਕ ਹੋਰ ਟਾਟਾ ਗੱਡੀ ਪੀਬੀ 02 ਏਕਿਊ 9688 ਦਾ ਡਰਾਈਵਰ ਦਿਲਬਾਗ ਸਿੰਘ ਵਾਸੀ ਤਰਨ ਤਾਰਨ ਵੀ ਵੇਅਰਹਾਊਸ ਵਿੱਚ ਸ਼ਰਾਬ ਉਤਾਰਨ ਲਈ ਆਇਆ। ਉਸ ਨੇ ਬਿਨਾਂ ਦੇਖੇ ਉਸ ਉਪਰੋਂ ਗੱਡੀ ਲੰਘਾ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੌਲਦਾਰ ਸਲਵਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਡਰਾਈਵਰ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਮਾਨਸਿਕ ਪ੍ਰੇਸ਼ਾਨ ਨੌਜਵਾਨ ਨੇ ਪੱਖੇ ਨਾਲ ਫਾਹਾ ਲਿਆ
ਸਮਰਾਲਾ (ਪੱਤਰ ਪ੍ਰੇਰਕ): ਇੱਥੇ ਇੱਕ ਨੌਜਵਾਨ ਵੱਲੋਂ ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਆਪਣੇ ਘਰ ਵਿੱਚ ਹੀ ਗਲ ’ਚ ਚੁੰਨੀ ਪਾ ਕੇ ਪੱਖੇ ਨਾਲ ਫਾਹਾ ਲੈ ਲਿਆ। ਸਥਾਨਕ ਦੁਰਗਾ ਮੰਦਿਰ ਰੋਡ ’ਤੇ ਕੁਝ ਮਹੀਨੇ ਪਹਿਲਾ ਹੀ ਕਿਰਾਏ ਦੇ ਮਕਾਨ ’ਚ ਆ ਕੇ ਰਹਿਣ ਲੱਗੇ ਇਸ ਪਰਿਵਾਰ ਦੇ ਵੱਡੇ ਪੁੱਤਰ ਪ੍ਰਿੰਸ ਸ਼ਰਮਾ (27) ਦੀ ਲਾਸ਼ ਪੱਖੇ ਨਾਲ ਲਟਕਦੀ ਵੇਖ ਉਸ ਦੀ ਮਾਤਾ ਨੇ ਪੁਲੀਸ ਨੂੰ ਸੂਚਿਤ ਕੀਤਾ। ਮ੍ਰਿਤਕ ਪ੍ਰਿੰਸ ਸ਼ਰਮਾ ਪੁੱਤਰ ਬਲਜੀਤ ਸ਼ਰਮਾ ਆਪਣੇ ਘਰ ਦੁਪਹਿਰ ਦਾ ਖਾਣਾ ਖਾਣ ਲਈ ਆਇਆ ਸੀ, ਜਦੋਂ ਉਸ ਦੇ ਪਿਤਾ ਅਤੇ ਛੋਟਾ ਭਰਾ ਖਾਣਾ ਖਾਣ ਉਪਰੰਤ ਆਪਣੇ ਕੰਮ ’ਤੇ ਚਲੇ ਗਏ ਤਾਂ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਸ ਨੇ ਘਰ ਦੇ ਇੱਕ ਕਮਰੇ ਵਿੱਚ ਚੁੰਨੀ ਨਾਲ ਆਤਮਹੱਤਿਆ ਕਰ ਲਈ। ਉਸ ਦੀ ਮਾਤਾ ਦੀਪਾ ਸ਼ਰਮਾ ਅਨੁਸਾਰ ਮ੍ਰਿਤਕ ਅੱਜ ਹੀ ਉਸ ਤੋਂ 100 ਰੁਪਏ ਲੈ ਕੇ ਗਿਆ ਸੀ, ਕਿ ਉਸ ਨੇ ਜੀਭ ਥੱਲੇ ਰੱਖਣ ਵਾਲੀ ਗੋਲੀ ਖਰੀਦਣੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ, ਮ੍ਰਿਤਕ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਹ ਦਿਮਾਗੀ ਤੌਰ ’ਤੇ ਕੁਝ ਪ੍ਰੇਸ਼ਾਨ ਰਹਿੰਦਾ ਸੀ। ਪੁਲੀਸ ਅਨੁਸਾਰ ਇਸ ਪ੍ਰੇਸ਼ਾਨੀ ਕਾਰਨ ਮ੍ਰਿਤਕ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਉਨਾਂ ਕਿਹਾ ਕਿ, ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।