ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਦਸੰਬਰ
ਰਿਸ਼ੀ ਨਗਰ ਸਥਿਤ ਵਿਮੈਨ ਸੈੱਲ ਦੇ ਬਾਹਰ ਮੰਗਲਵਾਰ ਨੂੰ ਉਸ ਵੇਲੇ ਹਾਲਾਤ ਖ਼ਰਾਬ ਹੋ ਗਏ ਜਦੋਂ ਸੁਣਵਾਈ ਲਈ ਵਿਮੈਨ ਸੈੱਲ ਪੁੱਜੇ ਦੋ ਧੜੇ ਆਪਸ ’ਚ ਉਲਝ ਗਏ। ਦੋਵਾਂ ਪੱਖਾਂ ਦੇ ਵੱਲੋਂ ਇੱਕ-ਦੂਜੇ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉੱਥੇ ਮੌਜੂਦ ਪੁਲੀਸ ਕਰਮੀਆਂ ਨੇ ਹਾਲਾਤ ਸੰਭਾਲੇ। ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲੀਸ ਮੌਕੇ ’ਤੇ ਪੁੱਜੀ। ਦੋਵਾਂ ਪੱਖਾਂ ਦੀ ਸ਼ਿਕਾਇਤ ਲੈ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਭਰਾ ਵਿਧੁਰ ਮੱਗੋ ਨੇ ਦੱਸਿਆ ਕਿ ਉਸ ਦੀ ਭੈਣ ਮਹਿਕ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਸ਼ਿਵਮ ਮਲਹੋਤਰਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਤੰਗ ਕਰਨ ਲੱਗ ਪਿਆ। ਅਗਸਤ ਮਹੀਨੇ ਤੋਂ ਉਸ ਦੀ ਭੈਣ ਵੱਖ ਰਹਿ ਰਹੀ ਹੈ ਤੇ ਉਸ ਦਾ ਕੇਸ ਵਿਮੈਨ ਸੈਲ ’ਚ ਚੱਲ ਰਿਹਾ ਹੈ।
ਵਿਧੁਰ ਨੇ ਦੱਸਿਆ ਕਿ ਅੱਜ ਉਸ ਦੀ ਪੇਸ਼ੀ ਸੀ ਤੇ ਉਸ ਦੇ ਪਿਤਾ ਅੰਦਰ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ। ਇਸੇ ਦੌਰਾਨ ਸ਼ਿਵਮ ਉਨ੍ਹਾਂ ਨਾਲ ਧੱਕਾਮੁੱਕੀ ਕਰ ਕੇ ਦਫ਼ਤਰ ਤੋਂ ਬਾਹਰ ਚਲਾ ਗਿਆ। ਇਸ ਮਗਰੋਂ ਅਧਿਕਾਰੀਆਂ ਨੇ ਸ਼ਿਵਮ ਨੂੰ ਬੁਲਾਉਣ ਲਈ ਕਿਹਾ ਤਾਂ ਉਹ ਥੱਲੇ ਬੁਲਾਉਣ ਲਈ ਗਿਆ। ਵਿਧੁਰ ਨੇ ਦੋਸ਼ ਲਾਇਆ ਕਿ ਸ਼ਿਵਮ ਨੇ ਤੇਜ਼ ਰਫ਼ਤਾਰ ਗੱਡੀ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸੇ ਗੱਲ ਤੋਂ ਦੋਵਾਂ ’ਚ ਹੱਥੋਪਾਈ ਹੋ ਗਈ।
ਉਧਰ, ਸ਼ਿਵਮ ਦੇ ਰਿਸ਼ਤੇਦਾਰ ਵਿਜੇ ਬਵੇਜਾ ਨੇ ਦੱਸਿਆ ਕਿ ਸ਼ਿਵਮ ਦੇ ਸਹੁਰੇ ਵਾਲੇ ਉਸ ਨੂੰ ਭੜਕਾਉਂਦੇ ਸਨ। ਉਹ ਆਪਣੇ ਘਰ ਵਾਲਿਆਂ ਤੋਂ ਆਪਣੇ ਹਿੱਸੇ ਦੇ ਪੈਸੇ ਲੈ ਕੇ ਵੱਖ ਹੋ ਗਿਆ। ਉਸ ਨੇ ਇਹ ਪੈਸੇ ਘਰ ਲੈਣ ਲਈ ਆਪਣੇ ਸਹੁਰੇ ਪਰਿਵਾਰ ਨੂੰ ਸੌਂਪ ਦਿੱਤੇ। ਸ਼ਿਵਮ ਦੇ ਸਹੁਰੇ ਪਰਿਵਾਰ ਨੇ ਧੋਖੇ ਨਾਲ ਉਸ ਦੀ ਕੋਠੀ ਦੀ ਰਜਿਸਟਰੀ ਆਪਣੀ ਲੜਕੀ ਮਹਿਕ ਦੇ ਨਾਂ ਕਰਵਾ ਦਿੱਤੀ। ਇਸ ਤੋਂ ਝਗੜਾ ਚਲਦਾ ਸੀ। ਮੰਗਲਵਾਰ ਨੂੰ ਸ਼ਿਵਮ ਗੱਡੀ ’ਚ ਬੈਠਾ ਸੀ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਤੇਜ਼ਧਾਰ ਹਥਿਆਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਕੀਤੀ।