ਪੱਤਰ ਪ੍ਰੇਰਕ
ਜਗਰਾਉਂ, 27 ਮਾਰਚ
ਕਰੋਨਾ ਪੀੜਤ ਮਰੀਜ਼ ਦੀ ਲਾਸ਼ ਲੈਣ ਲਈ ਪਰਿਵਾਰਕ ਮੈਂਬਰਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ’ਚ ਖੱਜਲ-ਖੁਆਰ ਹੋਣਾ ਪਿਆ। ਉਕਤ ਮਾਮਲੇ ਸਬੰਧੀ ਪੀੜਤ ਬੂਟਾ ਸਿੰਘ ਵਾਸੀ ਪਿੰਡ ਢੋਲਣ ਨੇ ਦੱਸਿਆ ਕਿ ਉਸ ਦੇ ਪਿਤਾ ਨਾਜਰ ਸਿੰਘ ਨੂੰ ਬੀਤੀ 16 ਮਾਰਚ ਨੂੰ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਨ੍ਹਾਂ ਦਾ ਕਰੋਨਾ ਸੈਂਪਲ ਲਿਆ, ਜਿਸਦੀ ਰਿਪੋਰਟ ਨੈਗੇਟਿਵ ਆਈ। ਉਨ੍ਹਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਡਾਕਟਰਾਂ ਨੇ 18 ਮਾਰਚ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕਰ ਦਿੱਤਾ, ਜਿਥੇ ਉਨ੍ਹਾਂ ਦਾ ਸੈਂਪਲ ਲੈਣ ’ਤੇ ਰਿਪੋਰਟ ਪਾਜ਼ੇਟਿਵ ਆ ਗਈ। ਜ਼ੇਰੇ ਇਲਾਜ ਨਾਜਰ ਸਿੰਘ ਦੀ ਮੌਤ ਹੋ ਗਈ। ਇਸ ਤੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਡਾਕਟਰਾਂ ਨੇ ਲਾਸ਼ ਦੇਣ ਦੀ ਥਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ।
ਐੱਸਐੱਮਓ ਪ੍ਰਦੀਪ ਮਹਿੰਦਰਾ ਦਾ ਸਪੱਸ਼ਟੀਕਰਨ
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਆਖਿਆ ਕਿ ਰਿਪੋਰਟਾਂ ਦੇ ਵੱਖ-ਵੱਖ ਆਉਣ ਦਾ ਕਾਰਨ ਦਿਨਾਂ ਦਾ ਵਕਫਾ ਹੈ। ਪਹਿਲਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਪਰ ਦੋ ਦਿਨ ਬਾਅਦ ਫ਼ਰੀਦਕੋਟ ’ਚ ਪਾਜ਼ੇਟਿਵ ਆਈ। ਪਰਿਵਾਰ ਨੂੰ ਬੀਤੇ ਕੱਲ ਕਾਗਜ਼ੀ ਕਾਰਵਾਈ ਕਰਨ ਉਪਰੰਤ ਲਾਸ਼ ਸੌਂਪ ਦਿੱਤੀ ਗਈ ਅਤੇ ਨਿਗਰਾਨੀ ਹੇਠ ਸਸਕਾਰ ਕਰ ਦਿੱਤਾ ਹੈ।