ਦੇਵਿੰਦਰ ਸਿੰਘ ਜੱਗੀ
ਪਾਇਲ, 4 ਮਈ
ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਅਤੇ ਸ਼ਹੀਦ ਭੁਪਿੰਦਰ ਸਿੰਘ ਦੇ ਜੱਦੀ ਪਿੰਡ ਈਸੜੂ ਦੇ ਡਾਕਘਰ ਵਾਲੇ ਮੇਨ ਚੌਕ ਵਿੱਚ ਖੜ੍ਹੇ ਦੂਸ਼ਿਤ ਪਾਣੀ ਤੇ ਪਈ ਗੰਦਗੀ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ‘ਤੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਰਧਾਜ਼ਲੀਆਂ ਭੇਟ ਕਰਨ ਸਾਰੀਆਂ ਰਾਜਨੀਤਕ ਪਾਰਟੀਆਂ ਆਉਂਦੀਆਂ ਹਨ ਪਰ ਪਿੰਡ ਅਜੇ ਵੀ ਵਿਕਾਸ ਕਾਰਜਾਂ ਪੱਖੋ ਫਾਡੀ ਹੀ ਨਜ਼ਰ ਆਉਂਦਾ ਹੈ। ਡਾਕਘਰ ਦੀ ਸਬ ਪੋਸਟ ਮਾਸਟਰ ਮਨਦੀਪ ਕੌਰ ਨੇ ਦੱਸਿਆ ਕਿ ਡਾਕਘਰ ਦੇ ਅੱਗਿਓਂ ਦੀ ਲੰਘਣ ਵਾਲੇ ਦੂਸ਼ਿਤ ਪਾਣੀ ਵਾਲੇ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੇਨ ਗੇਟ ਦੇ ਅੱਗੇ ਗੰਦਾ ਪਾਣੀ, ਚਿੱਕੜ ਅਤੇ ਘਾਹ ਖੜ੍ਹਾ ਹੈ। ਇਸ ਕਾਰਨ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਬਦਬੂ ਕਾਰਨ ਹਮੇਸ਼ਾ ਕਰਮਚਾਰੀਆਂ ਨੂੰ ਮਾਸਕ ਲਗਾ ਕੇ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਗੰਦੇ ਪਾਣੀ ਦੀ ਸਮੱਸਿਆ ਬਾਰੇ ਦੋ ਵਾਰ ਪੰਚਾਇਤ ਨੂੰ ਲਿਖਤੀ ਪੱਤਰ ਦੇ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਇਸ ਡਾਕਘਰ ਦੇ ਮੇਨ ਗੇਟ ਨਾਲ ਆਂਗਨਵਾੜੀ ਦਾ ਗੇਟ, ਜਿਮ ਅਤੇ ਖੇੜਾ ਦਰਵਾਜ਼ਾ ਪੈਂਦਾ ਹੈ। ਦਰਵਾਜ਼ੇ ‘ਤੇ ਬੈਠੇ ਭੂਪ ਸਿੰਘ ਅਤੇ ਸ਼ੇਰ ਸਿੰਘ ਨੇ ਦੱਸਿਆ ਕਿ ਇਸ ਮੇਨ ਚੌਕ ਦੀ ਹਾਲਤ ਬਹੁਤ ਹੀ ਖਸਤਾ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਇਹ ਚੌਕ ਟੋਭੇ ਦਾ ਰੂਪ ਧਾਰਨ ਕਰ ਜਾਂਦਾ ਹੈ। ਆਂਗਨਵਾੜੀ ਗੇਟ ਮੂਹਰੇ ਖੜ੍ਹੇ ਗੰਦੇ ਪਾਣੀ ਕਾਰਨ ਨੰਨ੍ਹੇ ਬੱਚਿਆਂ ਨੂੰ ਵੀ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਚੌਕ ਵਿੱਚ ਪੈਂਦਾ ਮੇਨ ਦਰਵਾਜ਼ਾ ਜਿਸ ਨੂੰ ਖੇੜਾ ਵੀ ਕਿਹਾ ਜਾਂਦਾ ਹੈ ਜਿੱਥੇ ਮੱਥਾ ਟੇਕ ਕੇ ਬਰਾਤ ਚੜ੍ਹਦੀ ਹੈ, ਉਸ ਦਾ ਵੀ ਬੁਰਾ ਹਾਲ ਹੈ।
ਸੀਵਰੇਜ ਪਾਈਪ ਪਾਉਣ ਦਾ ਐਸਟੀਮੇਟ ਪਾਸ ਹੋਣ ਲਈ ਭੇਜਿਆ: ਸਰਪੰਚ
ਸਰਪੰਚ ਗੁਰਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਡਾਕਘਰ, ਆਂਗਣਵਾੜੀ, ਜਿਮ ਅਤੇ ਖੇੜੇ (ਦਰਵਾਜ਼ੇ) ਦੇ ਅੱਗੇ ਦੂਸ਼ਿਤ ਪਾਣੀ ਵਾਲੇ ਨਾਲੇ ਦਾ ਸੀਵਰੇਜ ਪਾਈਪ ਪਾਉਣ ਦਾ ਐਸਟੀਮੇਟ ਪਾਸ ਹੋਣ ਲਈ ਭੇਜਿਆ ਹੋਇਆ ਹੈ। ਸੀਵਰੇਜ ਦੀਆਂ ਪਾਈਪਾਂ ਆ ਚੁੱਕੀਆਂ ਹਨ। ਐਸਟੀਮੇਟ ਪਾਸ ਹੋਣ ‘ਤੇ ਸੀਵਰੇਜ, ਗਲੀ ਅਤੇ ਚੌਕ ਨੂੰ ਇੰਟਰਲਾਕਿੰਗ ਟਾਈਲਾਂ ਲਗਾ ਕੇ ਜਲਦੀ ਹੀ ਪੱਕਾ ਕੀਤਾ ਜਾਵੇਗਾ।
ਜਲਦੀ ਹੀ ਸੀਵਰੇਜ ਪਾਈਪ ਲਾਈਨ ਪਾਈ ਜਾਵੇਗੀ: ਪੰਚਾਇਤ ਮੈਂਬਰ
ਸਬੰਧਤ ਵਾਰਡ ਦੇ ਪੰਚਾਇਤ ਮੈਂਬਰ ਭਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੀ ਪਾਈਪ ਲਾਈਨ ਪਾਉਣ ਲਈ ਪਾਈਪ ਆ ਚੁੱਕੇ ਹਨ। ਪਾਈਪ ਲਾਈਨ ਪਾਉਣ ਦਾ ਕੰਮ ਸਰਪੰਚ ਦੇ ਬੀਮਾਰ ਹੋਣ ਕਾਰਨ ਜ਼ਰੂਰ ਕੁਝ ਸਮਾਂ ਲੇਟ ਹੋ ਗਿਆ ਪਰ ਹੁਣ ਜਲਦੀ ਹੀ ਚੌਕ, ਗਲੀ ਵਿੱਚ ਇੰਟਰਲਾਕ ਅਤੇ ਸੀਵਰੇਜ ਪਾਈਪ ਲਾਈਨ ਪਾਈ ਜਾਵੇਗੀ।