ਗਗਨਦੀਪ ਅਰੋੜਾ
ਲੁਧਿਆਣਾ, 19 ਅਕਤੂਬਰ
ਦੀਵਾਲੀ ਦੇ ਤਿਉਹਾਰ ਮੌਕੇ ਹਰ ਵਾਰ ਚੀਨੀ ਉਤਪਾਦ ਬਾਜ਼ਾਰਾਂ ਵਿੱਚ ਛਾਏ ਰਹਿੰਦੇ ਹਨ ਪਰ ਐਤਕੀਂ ਦੇਸ਼ ਵਿੱਚ ਬਣੇ ਪਾਣੀ ਨਾਲ ਚੱਲਣ ਵਾਲੇ ਦੀਵੇ ਚੀਨੀ ਲਾਈਟਾਂ ਦੀ ਰੌਸ਼ਨੀ ਫਿੱਕੀ ਪਾ ਰਹੇ ਹਨ। ਨਿਵੇਕਲੀ ਗੱਲ ਇਹ ਹੈ ਕਿ ਇਨ੍ਹਾਂ ਦੀਵਿਆਂ ਨੂੰ ਬਾਲਣ ਲਈ ਤੇਲ ਦੀ ਥਾਂ ਪਾਣੀ ਦੀ ਲੋੜ ਪੈਂਦੀ ਹੈ। ਦਰਅਸਲ ਇਹ ਦੀਵੇ ਪਾਣੀ ਦੀ ਟੈਂਕੀ ਭਰਨ ’ਤੇ ਸੂਚਨਾ ਦੇਣ ਵਾਲੇ ਅਲਾਰਮ ਉਪਕਰਨ ਵਾਂਗ ਕੰਮ ਕਰਦੇ ਹਨ। ਬਾਜ਼ਾਰ ਵਿੱਚ ਨਵੇਂ ਆਏ ਇਸ ਦੀਵੇ ਦੇ ਥੱਲੇ ਸੈੱਲਨੁਮਾ ਉਪਕਰਨ ਫਿੱਟ ਕੀਤਾ ਗਿਆ ਹੈ, ਜਿਸ ਦੇ ਪਾਣੀ ਦੇ ਸੰਪਰਕ ਵਿੱਚ ਆਉਣ ’ਤੇ ਲਾਈਟ ਜਗਦੀ ਹੈ।
ਪਹਿਲੀ ਵਾਰ ਮਾਰਕੀਟ ’ਚ ਉਤਾਰੇ ਗਏ ਪਾਣੀ ਵਾਲੇ ਦੀਵੇ ਲੋਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਹਰ ਕੋਈ ਬਿਜਲੀ ਮਾਰਕੀਟ ਵਿੱਚ ਜੇਕਰ ਲਾਈਟਾਂ ਲੈਂਦਾ ਹੈ ਤਾਂ ਉਹ ਪਾਣੀ ਵਾਲੇ ਦੀਵੇ ਦੀ ਮੰਗ ਕਰਦਾ ਹੈ। ਇਨ੍ਹਾਂ ਦੀਵਿਆਂ ਦੀ ਮੰਗ ਇੰਨੀ ਵਧ ਚੁੱਕੀ ਹੈ ਕਿ ਸ਼ਹਿਰ ਦੀ ਪੂਰੀ ਬਿਜਲੀ ਮਾਰਕੀਟ ’ਚ ਪਾਣੀ ਵਾਲੇ ਦੀਵੇ ਆਊਟ ਆਫ਼ ਸਟਾਕ ਚੱਲ ਰਹੇ ਹਨ। ਦੁਕਾਨਦਾਰਾਂ ਕੋਲ ਆਰਡਰਾਂ ਦੀ ਲਾਈਨ ਲੱਗੀ ਹੋਈ ਹੈ ਅਤੇ ਮਾਲ ਪੂਰਾ ਨਹੀਂ ਹੋ ਪਾ ਰਿਹਾ।
ਬਿਜਲੀ ਮਾਰਕੀਟ ’ਚ ਜੇਪੀ ਇਲੈਕਟ੍ਰਾਨਿਕ ਦੇ ਮਾਲਕ ਜਸਮੀਤ ਸਿੰਘ ਮੱਕੜ ਨੇ ਦੱਸਿਆ ਕਿ ਪਾਣੀ ਵਾਲੇ ਦੀਵੇ ਦੇਸ਼ ਵਿੱਚ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਦੀਵੇ ਬਿਜਲੀ ਦੀ ਇੱਕ ਫੈਕਟਰੀ ’ਚ ਤਿਆਰ ਕੀਤੇ ਜਾ ਰਹੇ ਹਨ ਅਤੇ ਦੀਵਿਆਂ ਦੀ ਵਧਦੀ ਮੰਗ ਕਾਰਨ ਸਟਾਕ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਤੇ ਲੋਕਾਂ ਦੇ ਲਗਾਤਾਰ ਆਰਡਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਲੋਕ ਚੀਨੀ ਉਪਕਰਨਾਂ ਨੂੰ ਛੱਡ ਕੇ ਦੇਸ਼ ਵਿੱਚ ਤਿਆਰ ਕੀਤੀ ਚੀਜ਼ ਨੂੰ ਤਰਜੀਹ ਦੇ ਰਹੇ ਹਨ।
ਦੀਵੇ ਦੀ ਕੀਮਤ ਸਿਰਫ਼ 20 ਤੋਂ 30 ਰੁਪਏ
ਜਸਮੀਤ ਸਿੰਘ ਮੱਕੜ ਨੇ ਦੱਸਿਆ ਕਿ ਚੀਨੀ ਲਾਈਟਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਅਤੇ ਇਨ੍ਹਾਂ ਦੀ ਕੀਮਤ ਵੀ 20 ਰੁਪਏ ਤੋਂ ਸ਼ੁਰੂ ਹੋ ਕੇ 1000 ਰੁਪਏ ਤੱਕ ਜਾਂਦੀ ਹੈ ਪਰ ਪਾਣੀ ਵਾਲੇ ਦੀਵੇ ਦੀ ਕੀਮਤ ਸਿਰਫ਼ 20 ਰੁਪਏ ਤੋਂ ਲੈ ਕੇ 30 ਰੁਪਏ ਤੱਕ ਹੈ। ਲੋਕਾਂ ਦੇ ਬਜਟ ਦੇ ਹਿਸਾਬ ਨਾਲ ਇਸ ਦੀਵੇ ਦੀ ਮੰਗ ਵੱਧ ਹੈ ਅਤੇ ਲੋਕ ਪਾਣੀ ਪਾ ਕੇ ਆਰਾਮ ਨਾਲ ਬੈਠ ਜਾਂਦੇ ਹਨ ਤੇ ਦੀਵਾ ਚੱਲਦਾ ਰਹਿੰਦਾ ਹੈ। ਛੋਟੇ ਘਰਾਂ ਤੇ ਛੋਟੀਆਂ ਦੁਕਾਨਾਂ ’ਚ ਇਹ ਦੀਵਾ ਖਿੱਚ ਦਾ ਕੇਂਦਰ ਹੈ। ਮੱਕੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਫਲੋਟਿੰਗ ਕੈਂਡਲ ਆਉਂਦੀ ਸੀ ਪਰ ਹੁਣ ਉਸ ਦੀ ਜਗ੍ਹਾਂ ਇਸ ਦੀਵੇ ਨੇ ਲੈ ਲਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।