ਸਤਵਿੰਦਰ ਬਸਰਾ
ਲੁਧਿਆਣਾ, 12 ਮਈ
ਲੁਧਿਆਣਾ ਅਤੇ ਆਲੇ-ਦੁਲਾਲੇ ਦੇ ਇਲਾਕਿਆਂ ਵਿੱਚ ਅੱਜ ਦੁਪਹਿਰ ਸਮੇਂ ਸੰਘਣੀ ਬੱਦਲਵਾਈ ਤੋਂ ਬਾਅਦ ਕਿਣਮਿਣ ਹੋਣ ਨਾਲ ਮੌਸਮ ਠੰਢਾ ਹੋ ਗਿਆ। ਪੀਏਯੂ ਦੇ ਮਾਹਿਰਾਂ ਅਨੁਸਾਰ 13 ਮਈ ਨੂੰ ਵੀ ਤੇਜ਼ ਹਵਾ ਚੱਲਣ ਅਤੇ ਕਿਤੇ ਕਿਤੇ ਗੜੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਐਤਵਾਰ ਤੱਕ ਮੌਸਮ ਬੱਦਲਵਾਈ ਵਾਲਾ ਰਹਿ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿੱਚ ਮੌਨਸੂਨ ਵੀ ਸਮੇਂ ਸਿਰ ਆ ਰਿਹਾ ਹੈ। ਅੱਜ ਲੁਧਿਆਣਾ ਵਿੱਚ ਦੁਪਹਿਰ ਸਮੇਂ ਤੇਜ਼ ਹਵਾ ਤੇ ਸੰਘਣੀ ਬੱਦਲਵਾਈ ਤੋਂ ਬਾਅਦ ਹੋਈ ਕਿਣਮਿਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ। ਮੀਂਹ ਤੋਂ ਬਚਣ ਲਈ ਕਈ ਲੋਕ ਤਾਂ ਰੇਨ ਕੋਟ ਤੱਕ ਪਾਈ ਘੁੰਮ ਰਹੇ ਸਨ। ਮੌਸਮ ਵਿੱਚ ਆਈ ਇਸ ਤਬਦੀਲੀ ਨਾਲ ਵੱਧ ਤੋਂ ਵੱਧ ਤਾਪਮਾਨ ਘੱਟ ਕੇ 31 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 21.6 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਪੀਏਯੂ ਦੀ ਮੌਸਮ ਵਿਭਾਗ ਮਾਹਰ ਡਾ. ਕੇਕੇ ਗਿੱਲ ਨੇ ਦੱਸਿਆ ਕਿ ਅਜਿਹਾ ਮੌਸਮ ਨਰਮੇ ਦੀ ਫ਼ਸਲ ਲਈ ਢੁਕਵਾਂ ਨਹੀਂ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਦਾ ਮਈ ਮਹੀਨਾ ਕਾਫੀ ਠੰਢਾ ਚੱਲ ਰਿਹਾ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ 13 ਮਈ ਕਿਤੇ ਕਿਤੇ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਜਦਕਿ ਬੱਦਲਵਾਈ ਆਉਂਦੇ ਐਤਵਾਰ ਤੱਕ ਰਹਿ ਸਕਦੀ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਫਵਾਵਾਂ ਵੀ ਚੱਲ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕੇਰਲਾ ਵਿੱਚ ਮੌਨਸੂਨ ਅਪਰੈਲ ਮਹੀਨੇ ਦੇ ਤੀਜੇ ਹਫਤੇ ਹੀ ਆ ਗਿਆ ਸੀ ਅਤੇ ਇਸ ਨੂੰ ਦੇਸ਼ ਦੇ ਹੋਰ ਸੂਬਿਆਂ ਤੱਕ ਪਹੁੰਚਣ ਵਿੱਚ ਕਰੀਬ 30 ਦਿਨ ਤੱਕ ਦਾ ਸਮਾਂ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਮੌਨਸੂਨ ਜੂਨ ਮਹੀਨੇ ਦੇ ਅਖੀਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਵਾਰ 96.5 ਐਮਐਮ ਮੀਂਹ ਨਾਲ ਔਸਤ ਮੌਨਸੂਨ ਰਹਿਣ ਦਾ ਅਨੁਮਾਨ ਹੈ। ਡਾ. ਪ੍ਰਭਜੋਤ ਨੇ ਦੱਸਿਆ ਕਿ ਲਗਭਗ ਸਾਰੇ ਹੀ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਮੁਕਾ ਲਿਆ ਹੈ ਜਿਸ ਕਰਕੇ ਅਜਿਹਾ ਮੌਸਮ ਝੋਨੇ ਦੀ ਬਿਜਾਈ ਨਹੀਂ ਢੁਕਵਾਂ ਮੰਨਿਆ ਜਾ ਰਿਹਾ ਹੈ।